ਭਾਰਤ ਤੇ ਚੀਨ ਦਰਮਿਆਨ ਪੰਜਵੇਂ ਗੇੜ ਦੀ ਗੱਲਬਾਤ ਸ਼ੁਰੂ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਅਤੇ ਚੀਨੀ ਫੌਜ ਦੇ ਕਮਾਂਡਰ ਅੱਜ ਐਤਵਾਰ ਨੂੰ ਪੂਰਬੀ ਲੱਦਾਖ ਦੇ ਪੇਗੋਂਗ ਸੂ ਵਰਗੇ ਟਕਰਾਅ ਵਾਲੇ ਸਥਾਨਾਂ ਤੋਂ ਪਿੱਛੇ ਹਟਣ ਦੇ ਤਰੀਕਿਆਂ ਨੂੰ ਅੰਤਮ ਰੂਪ ਦੇਣ ਲਈ ਗੱਲਬਾਤ ਕਰ ਰਹੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੈਠਕ ਸਵੇਰੇ 11 ਵਜੇ ਐੱਲਏਸੀ ’ਤੇ ਚੀਨ ਵਾਲੇ ਇਲਾਕੇ ਮੋਲਦੋ ਵਿੱਚ ਸ਼ੁਰੂ ਹੋਈ।

ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ ਪੰਜਵੇਂ ਪੜਾਅ ਵਿਚ ਮੁੱਖ ਕੇਂਦਰ ਟਕਰਾਅ ਵਾਲੀਆਂ ਥਾਵਾਂ ਤੋਂ ਫੌਜਾਂ ਦੇ ਪੂਰੀ ਤਰ੍ਹਾਂ ਵਾਪਸੀ ਅਤੇ ਦੋਵਾਂ ਫੌਜਾਂ ਦੇ ਅੱਡਿਆਂ ਤੋਂ ਫੌਜਾਂ ਅਤੇ ਹਥਿਆਰਾਂ ਨੂੰ ਹਟਾਉਣ ਲਈ ਇਕ ਨੀਤੀ ਤਿਆਰ ਕਰਨ ‘ਤੇ ਕੇਂਦਰਤ ਹੈ। ਫੌਜੀਆਂ ਦੀ ਰਸਮੀ ਵਾਪਸੀ 6 ਜੁਲਾਈ ਨੂੰ ਉਦੋਂ ਸ਼ੁਰੂ ਹੋਈ ਸੀ, ਜਦੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦਰਮਿਆਨ ਖੇਤਰ ਵਿਚ ਤਣਾਅ ਘਟਾਉਣ ਦੇ ਤਰੀਕਿਆਂ ਬਾਰੇ ਫੋਨ ’ਤੇ ਗੱਲਬਾਤ ਹੋਈ ਸੀ।

ਚੀਨੀ ਫੌਜ ਪਹਿਲਾਂ ਹੀ ਗਲਵਨ ਵੈਲੀ ਅਤੇ ਕੁਝ ਹੋਰ ਟਕਰਾਅ ਵਾਲੀਆਂ ਥਾਵਾਂ ਤੋਂ ਪਿੱਛੇ ਹਟ ਗਈ ਹੈ ਪਰ ਪੇਗੋਂਗ ਵਿਚ ਫਿੰਗਰ ਖੇਤਰਾਂ ਤੋਂ ਫ਼ੌਜਾਂ ਵਾਪਸ ਲੈਣ ਦੀ ਪ੍ਰਕਿਰਿਆ ਅਜੇ ਤੱਕ ਭਾਰਤ ਦੀ ਮੰਗ ਅਨੁਸਾਰ ਸ਼ੁਰੂ ਨਹੀਂ ਹੋਈ ਹੈ। ਭਾਰਤ ਜ਼ੋਰ ਦੇ ਰਿਹਾ ਹੈ ਕਿ ਚੀਨ ਨੂੰ ਫਿੰਗਰ ਚਾਰ ਅਤੇ ਫਿੰਗਰ ਅੱਠ ਵਿਚਕਾਰਲੇ ਇਲਾਕਿਆਂ ਤੋਂ ਆਪਣੀਆਂ ਫੌਜਾਂ ਵਾਪਸ ਲੈਣੀਆਂ ਚਾਹੀਦੀਆਂ ਹਨ।

Previous articleਬਰਨਾਲਾ ਦੇ ਪਿੰਡ ਸੰਘੇੜਾ ’ਚ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ
Next articleਅਫ਼ਗ਼ਾਨਿਸਤਾਨ: ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ’ਚ ਸ਼ਾਮਲ ਅਸਦੁੱਲ੍ਹਾ ਮਾਰਿਆ ਗਿਆ