ਭਾਰਤ ਤੇ ਚੀਨ ਦਰਮਿਆਨ ਅੰਦਰੂਨੀ ਸੁਰੱਖਿਆ ਸਹਿਯੋਗ ਲਈ ਸਮਝੌਤਾ

ਚੀਨ ਨੇ ਕਿਹਾ ਹੈ ਕਿ ਭਾਰਤ ਨਾਲ ਕੀਤਾ ਪਹਿਲਾ ਅੰਦਰੂਨੀ ਸੁਰੱਖਿਆ ਸਹਿਯੋਗ ਸਮਝੌਤਾ ਸਰਹੱਦ ਪਾਰਲੇ ਜੁਰਮਾਂ ਨਾਲ ਲੜਨ ਵਿਚ ਸਹਾਇਕ ਹੋਵੇਗਾ ਪਰ ਇਸ ਵਿਚ ਚੀਨ ਵੱਲੋਂ ਭਾਰਤ ਦੀਆਂ ਸੰਯੁਕਤ ਰਾਸ਼ਟਰ ਦੁਆਰਾ ਅਤਿਵਾਦੀ ਸੰਗਠਨ ਜੈਸ਼-ਏ ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਨੂੰ ਕੌਮਾਂਤਰੀ ਅਤਿਵਾਦੀ ਕਰਾਰ ਦਿਵਾਉਣ ਸਬੰਧੀ ਕੋਸ਼ਿਸ਼ਾਂ ਨੂੰ ਰੋਕਣ ਸਬੰਧੀ ਚੀਨ ਦੀ ਨੀਤੀ ’ਚ ਕਿਸੇ ਤਰ੍ਹਾਂ ਦੀ ਤਬਦੀਲੀ ਦਾ ਜ਼ਿਕਰ ਨਹੀਂ ਹੈ। ਇਸ ਸਮਝੌਤੇ ਉੱਤੇ ਨਵੀਂ ਦਿੱਲੀ ਵਿਚ ਭਾਰਤ ਤੇ ਚੀਨ ਵਿਚਕਾਰ ਪਹਿਲੀ ਦੁਵੱਲੇ ਸੁਰੱਖਿਆ ਸਹਿਯੋਗ ਸਬੰਧੀ ਮੀਟਿਗ ਵਿਚ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਚੀਨ ਦੇ ਸਟੇਟ ਕੌਂਸਲਰ ਅਤੇ ਪਬਲਿਕ ਸੁਰੱਖਿਆ ਮੰਤਰੀ ਜ਼ਿਆਓ ਕੇ ਜ਼ੀ ਨੇ ਸਹੀ ਪਾਈ ਹੈ। ਚੀਨ ਦੇ ਵਿਦੇਸ਼ ਵਿਭਾਗ ਦੀ ਤਰਜ਼ਮਾਨ ਹੁਆ ਚੁਨਯਿੰਗ ਨੇ ਪੱਤਰਕਾਰਾਂ ਵੱਲੋਂ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਕੌਮਾਂਤਰੀ ਅਤਿਵਾਦੀ ਐਲਾਨਣ ਬਾਰੇ ਭਾਰਤ ਵੱਲੋਂ ਚੀਨ ਨੂੰ ਕੀਤੀ ਅਪੀਲ ਬਾਰੇ ਪੁੱਛਣ ਉੱਤੇ ਉਨ੍ਹਾਂ ਕਿਹਾ ਕਿ ਉਹ ਸਮਝੌਤੇ ਦੇ ਖਰੜੇ ਵਿਚ ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਦੀ ਪੜਤਾਲ ਕਰਨਗੇ। ਉਨ੍ਹਾਂ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੱਖਿਆ ਸਹਿਯੋਗ ਅਤੇ ਕਾਨੂੰਨ ਲਾਗੂ ਕਰਨ ਵਿਚ ਅੱਗੇ ਵਧਣ ਲਈ ਇਹ ਸਮਝੌਤਾ ਬੇਹੱਦ ਅਹਿਮ ਹੈ। ਇਸ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਦੁਵੱਲੇ ਸਬੰਧ ਕਾਇਮ ਹੋਣਗੇ।

Previous articleਅਮਰੀਕੀ ਜੇਲ੍ਹ ’ਚ ਬੰਦ ਪਰਵਾਸੀ ਸਿੱਖਾਂ ਨੂੰ ਗੁਰੂ ਘਰ ਦਾ ਆਸਰਾ
Next articleਸਿੰਧ ਜਲ ਸੰਧੀ ਤਹਿਤ ਆਪਣੇ ਵਾਅਦੇ ਪੂਰੇ ਨਹੀਂ ਕਰ ਰਿਹੈ ਭਾਰਤ: ਪਾਕਿਸਤਾਨ