ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਮੈਚ ਅੱਜ

ਭਾਰਤ ਨੂੰ ਮੰਗਲਵਾਰ ਨੂੰ ਇੱਥੇ ਆਸਟਰੇਲੀਆ ਦੀ ਮਜ਼ਬੂਤ ਟੀਮ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਪਾਰੀ ਦਾ ਆਗਾਜ਼ ਕਰਨ ਲਈ ਫਾਰਮ ’ਚ ਚੱਲ ਰਹੇ ਲੋਕੇਸ਼ ਰਾਹੁਲ ਤੇ ਤਜ਼ਰਬੇਕਾਰ ਸ਼ਿਖਰ ਧਵਨ ਵਿੱਚੋਂ ਇਕ ਨੂੰ ਚੁਣਨਾ ਹੋਵੇਗਾ। ਆਸਟਰੇਲੀਆ ਤੇ ਭਾਰਤ ਵਿਚਾਲੇ ਹੋਣ ਵਾਲੀ ਇਸ ਦੁਵੱਲੀ ਲੜੀ ਵਿੱਚ ਨਿੱਜੀ ਵਿਰੋਧਤਾ ਵੀ ਦੇਖਣ ਨੂੰ ਮਿਲੇਗੀ ਜਿਸ ਵਿੱਚ ਰੋਹਿਤ ਸ਼ਰਮਾ ਬਨਾਮ ਡੇਵਿਡ ਵਾਰਨਰ ਤੇ ਵਿਰਾਟ ਕੋਹਲੀ ਬਨਾਮ ਸਟੀਵ ਸਮਿੱਥ ਦੀ ਜੰਗ ਰੋਮਾਂਚਕ ਹੋਵੇਗੀ। ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਤੇ ਨਵਦੀਪ ਸੈਣੀ ਦੀ ਮੌਜੂਦਗੀ ਵਾਲਾ ਭਾਰਤ ਦਾ ਤੇਜ਼ ਗੇਂਦਬਾਜ਼ੀ ਹਮਲਾ ਆਸਟਰੇਲਿਆਈ ਬੱਲੇਬਾਜ਼ਾਂ ਦੀ ਪ੍ਰੀਖਿਆ ਲੈਣ ਨੂੰ ਤਿਆਰ ਹੈ। ਦੂਜੇ ਪਾਸੇ ਆਸਟਰੇਲੀਆ ਕੋਲ ਆਈਪੀਐੱਲ ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਪੈਟ ਕਮਿਨਜ਼, ਕੇਨ ਰਿਚਰਡਸਨ ਤੇ ਤਜ਼ਰਬੇਕਾਰ ਮਿਸ਼ੇਲ ਸਟਾਰਕ ਵਰਗੇ ਤੇਜ਼ ਗੇਂਦਬਾਜ਼ ਹਨ ਜੋ ਕੋਹਲੀ ਤੇ ਉਸ ਦੀ ਟੀਮ ਨੂੰ ਪ੍ਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਐਲੇਕਸ ਕੈਰੀ ਦੀ ਹਮਲਾਵਰ ਬੱਲੇਬਾਜ਼ੀ ਤੇ ਸ਼ਾਨਦਾਰ ਵਿਕਟਕੀਪਿੰਗ ਨੂੰ ਭਾਰਤ ਦੇ ਰਿਸ਼ਭ ਪੰਤ ਤੋਂ ਚੁਣੌਤੀ ਮਿਲੇਗੀ। ਟੈਸਟ ਕ੍ਰਿਕਟ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਕੌਮਾਂਤਰੀ ਕ੍ਰਿਕਟ ’ਚ ਛਾਪ ਛੱਡਣ ਵਾਲਾ ਆਸਟਰੇਲੀਆ ਦਾ ਨੌਜਵਾਨ ਬੱਲੇਬਾਜ਼ ਮਾਰਨਸ ਲਾਬੂਸ਼ੇਨ ਆਪਣੀ ਬਿਹਤਰੀਨ ਫਾਰਮ ਨੂੰ ਛੋਟੇ ਰੂਪ ’ਚ ਹੀ ਦੋਹਰਾਉਣਾ ਚਾਹੇਗਾ। ਭਾਰਤ ਲਈ ਹਾਲਾਂਕਿ ਸਭ ਤੋਂ ਵੱਡੀ ਚੁਣੌਤੀ ਇਹ ਚੁਣਨ ਦੀ ਹੋਵੇਗੀ ਕਿ ਰੋਹਿਤ ਦੇ ਨਾਲ ਪਾਰੀ ਦਾ ਆਗਾਜ਼ ਧਵਨ ਤੇ ਰਾਹੁਲ ’ਚੋਂ ਕੌਣ ਕਰੇਗਾ। ਜੇਕਰ ਮੌਜੂਦਾ ਫਾਰਮ ਨੂੰ ਮਾਣਕ ਮੰਨਿਆ ਜਾਂਦਾ ਹੈ ਤਾਂ ਰਾਹੁਲ ਇਸ ਦੌੜ ’ਚ ਧਵਨ ਨੂੰ ਪਿੱਛੇ ਛੱਡ ਦੇਵੇਗਾ ਪਰ ਆਸਟਰੇਲੀਆ ਖ਼ਿਲਾਫ਼ ਸੀਮਿਤ ਓਵਰਾਂ ਦੇ ਕ੍ਰਿਕਟ ’ਚ ਧਵਨ ਦਾ ਰਿਕਾਰਡ ਸ਼ਾਨਦਾਰ ਹੈ। ਦੋਵੇਂ ਟੀਮਾਂ ਵਿਚਾਲੇ ਇਕ ਰੋਜ਼ਾ ਵਿਸ਼ਵ ਕੱਪ ਵਿੱਚ ਪਿਛਲੇ ਮੁਕਾਬਲੇ ਦੌਰਾਨ ਧਵਨ ਨੇ ਸੈਂਕੜਾ ਮਾਰ ਕੇ ਭਾਰਤ ਦੀ ਆਸਾਨ ਜਿੱਤ ਦੀ ਨੀਂਹ ਰੱਖੀ ਸੀ। ਹਾਲਾਂਕਿ ਇਸ ਮੁਕਾਬਲੇ ਨੂੰ ਸੱਤ ਤੋਂ ਵੱਧ ਮਹੀਨੇ ਬੀਤ ਚੁੱਕੇ ਹਨ ਅਤੇ ਉਦੋਂ ਤੋਂ ਧਵਨ ਸੱਟਾਂ ਤੋਂ ਪ੍ਰੇਸ਼ਾਨ ਹੈ। ਧਵਨ ਇਸ ਦੌਰਾਨ ਖ਼ਰਾਬ ਫਾਰਮ ਨਾਲ ਹੀ ਜੂਝਦਾ ਰਿਹਾ ਪਰ ਸ੍ਰੀਲੰਕਾ ਖ਼ਿਲਾਫ਼ ਪਿਛਲੇ ਟੀ20 ਕੌਮਾਂਤਰੀ ’ਚ ਉਸ ਨੇ ਅਰਧਸੈਂਕੜਾ ਮਾਰਿਆ। ਵਿਸ਼ਵ ਕੱਪ ਦੌਰਾਨ ਧਵਨ ਦੀ ਮੌਜੂਦਗੀ ’ਚ ਰਾਹੁਲ ਕੰਮ ਚਲਾਊ ਹੱਲ ਵਜੋਂ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰ ਰਿਹਾ ਸੀ ਪਰ ਇਸ ਕ੍ਰਮ ’ਤੇ ਸ਼੍ਰੇਅਸ ਅਈਅਰ ਦੇ ਵਧੀਆ ਪ੍ਰਦਰਸ਼ਨ ਨਾਲ ਵਾਨਖੇੜੇ ਸਟੇਡੀਅਮ ’ਚ ਧਵਨ ਜਾਂ ਰਾਹੁਲ ’ਚੋਂ ਇਕ ਨੂੰ ਹੀ ਆਖ਼ਰੀ ਗਿਆਰਾਂ ’ਚ ਜਗ੍ਹਾ ਮਿਲੇਗੀ। ਵਾਨਖੇੜੇ ਸਟੇਡੀਅਮ ਦੀ ਪਿੱਚ ਆਮ ਤੌਰ ’ਤੇ ਬੱਲੇਬਾਜ਼ਾਂ ਮੁਤਾਬਕ ਹੁੰਦੀ ਹੈ ਅਤੇ ਭਾਰਤ ਪਿਛਲੇ ਸਾਲ ਮਾਰਚ ਵਿੱਚ ਘਰੇਲੂ ਲੜੀ ’ਚ ਆਸਟਰੇਲੀਆ ਖ਼ਿਲਾਫ਼ 2-3 ਦੀ ਹਾਰ ਤੋਂ ਸਬਕ ਲੈਂਦੇ ਹੋਏ ਨਿਸ਼ਚਿਤ ਤੌਰ ’ਤੇ ਦੋ ਗੁੱਟ ਵਾਲੇ ਸਪਿੰਨਰਾਂ ਨਾਲ ਨਹੀਂ ਉਤਰੇਗਾ। ਆਸਟਰੇਲੀਆ ਖ਼ਿਲਾਫ਼ ਹੈਟ੍ਰਿਕ ਲੈਣ ਵਾਲੇ ਕੁਲਦੀਪ ਯਾਦਵ ਨੂੰ ਯੁਜ਼ਵੇਂਦਰ ਚਹਿਲ ’ਤੇ ਤਰਜ਼ੀਹ ਦਿੱਤੀ ਜਾ ਸਕਦੀ ਹੈ। ਪੂਰੀ ਸੰਭਾਵਨਾ ਹੈ ਕਿ ਜੇਕਰ ਕੇਦਾਰ ਜਾਧਵ ਕੁਝ ਵਿਸ਼ੇਸ਼ ਨਹੀਂ ਕਰਦਾ ਹੈ ਤਾਂ ਇਹ ਉਸ ਦੀ ਆਖ਼ਰੀ ਇਕ ਰੋਜ਼ਾ ਕੌਮਾਂਤਰੀ ਲੜੀ ਹੋਵੇਗੀ। ਚਰਚਾ ਹੈ ਕਿ ਆਪਣੇ ਆਈਪੀਐੱਲ ਕਰੀਅਰ ਨੂੰ ਵਧਾਉਣ ਲਈ ਜਾਧਵ ਆਫ਼ ਸਪਿੰਨ ਗੇਂਦਬਾਜ਼ੀ ਕਰਨ ਤੋਂ ਝਿਜਕ ਰਿਹਾ ਹੈ ਅਤੇ ਜੇਕਰ 19 ਜਨਵਰੀ ਨੂੰ ਨਿਊਜ਼ੀਲੈਂਡ ਦੌਰੇ ਲਈ ਐਲਾਨੀ ਜਾਣ ਵਾਲੀ ਇਕ ਰੋਜ਼ਾ ਟੀਮ ’ਚ ਉਸ ਨੇ ਅਜਿੰਕਿਆ ਰਹਾਣੇ ਤੇ ਸੂਰਿਆ ਕੁਮਾਰ ਯਾਦਵ ਦੀ ਦਾਅਵੇਦਾਰੀ ਨੂੰ ਪਛਾੜਨਾ ਹੈ ਤਾਂ ਕੁਝ ਚੰਗੀਆਂ ਪਾਰੀਆਂ ਖੇਡਣੀਆਂ ਹੋਣਗੀਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਮੰਗਲਵਾਰ ਨੂੰ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਪਹਿਲੇ ਮੈਚ ’ਚ ਇਕ ਹੋਰ ਉਪਲਬਧੀ ਦਰਜ ਕਰਨ ਦੇ ਇਰਾਦੇ ਨਾਲ ਉਤਰੇਗਾ। ਉੱਧਰ, ਕੋਹਲੀ ਘਰੇਲੂ ਧਰਤੀ ’ਤੇ ਸਭ ਤੋਂ ਵੱਧ ਇਕ ਰੋਜ਼ਾ ਕੌਮਾਂਤਰੀ ਸੈਂਕੜਿਆਂ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ਼ ਇਕ ਸੈਂਕੜਾ ਦੂਰ ਹੈ। ਘਰੇਲੂ ਕ੍ਰਿਕਟ ’ਚ ਸਭ ਤੋਂ ਵੱਧ 20 ਇਕ ਰੋਜ਼ਾ ਕੌਮਾਂਤਰੀ ਸੈਂਕੜੇ ਮਾਰਨ ਦਾ ਭਾਰਤੀ ਰਿਕਾਰਡ ਤੇਂਦੁਲਕਰ ਦੇ ਨਾਂ ਦਰਜ ਹੈ ਤੇ ਕੋਹਲੀ ਦੇ 19 ਸੈਂਕੜੇ ਹਨ। ਮੈਚ ਭਾਰਤੀ ਸਮੇਂ ’ਤੇ ਬਾਅਦ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।

Previous articleਮੋਦੀ ਅਤੇ ਮੈਕਰੌਂ ਨੇ ਕਸ਼ਮੀਰ ਮੁੱਦੇ ’ਤੇ ਗੱਲਬਾਤ ਕੀਤੀ
Next articleਸਾਕਸ਼ੀ ਤੇ ਰਾਹੁਲ ਅਵਾਰੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ’ਚ