ਭਾਰਤ ਤੇ ਅਮਰੀਕਾ ਕਰੋਨਾ ਦੇ ਇਲਾਜ ਲਈ ਕਰਨਗੇ ਆਯੁਰਵੈਦਿਕ ਦਵਾਈਆਂ ਦਾ ਪ੍ਰੀਖਣ

ਵਾਸ਼ਿੰਗਟਨ (ਸਮਾਜਵੀਕਲੀ) :  ਭਾਰਤ ਦੇ ਸਫ਼ੀਰ ਨੇ ਇੱਥੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਲੇ ਆਯੁਰਵੈਦਿਕ ਪ੍ਰੈਕਟੀਸ਼ਨਰ ਅਤੇ ਖੋਜਕਰਤਾ ਕਰੋਨਾ ਲਾਗ ਦਾ ਇਲਾਜ ਲੱਭਣ ਲਈ ਸਾਂਝੇ ਤੌਰ ’ਤੇ ਆਯੁਰਵੈਦਿਕ ਦਵਾਈਆਂ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।

ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਬੁੱਧਵਾਰ ਨੂੰ ਪ੍ਰਸਿੱਧ ਭਾਰਤੀ ਅਤੇ ਅਮਰੀਕੀ ਵਿਗਿਆਨੀਆਂ, ਸਿੱਖਿਆ ਸ਼ਾਸਤਰੀਆਂ ਅਤੇ ਡਾਕਟਰਾਂ ਦੇ ਸਮੂਹ ਨਾਲ ਡਿਜੀਟਲ ਮੀਟਿੰਗ ਦੌਰਾਨ ਕਿਹਾ ਕਿ ਸੰਸਥਾਗਤ ਸਾਂਝੇਦਾਰੀ ਦੇ ਵਿਆਪਕ ਨੈੱਟਵਰਕ ਨਾਲ ਕਰੋਨਾ ਲਾਗ ਨਾਲ ਨਜਿੱਠਣ ਲਈ ਦੋਵਾਂ ਦੇਸ਼ਾਂ ਦਾ ਵਿਗਿਆਨੀ ਭਾਈਚਾਰਾ ਇਕੱਠਾ ਹੋ ਗਿਅਾ ਹੈ।

ਸ੍ਰੀ ਸੰਧੂ ਨੇ ਕਿਹਾ, ‘ਸਾਡੀਆਂ ਸੰਸਥਾਵਾਂ ਸਾਂਝੇ ਤੌਰ ’ਤੇ ਖੋਜ, ਅਧਿਆਪਨ ਅਤੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਆਯੁਰਵੈਦ ਪ੍ਰਣਾਲੀ ਦੇ ਪ੍ਰਚਾਰ ਲਈ ਇਕੱਠੀਆਂ ਹੋ ਗਈਆਂ ਹਨ। ਆਯੁਰਵੈਦਿਕ ਪ੍ਰੈਕਟੀਸ਼ਨਰ ਅਤੇ ਖੋਜਕਰਤਾ ਕੋਵਿਡ-19 ਦਾ ਇਲਾਜ ਲੱਭਣ ਲਈ ਸਾਂਝੇ ਤੌਰ ’ਤੇ ਆਯੁਰਵੈਦਿਕ ਦਵਾਈਆਂ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।’

ਉਨ੍ਹਾਂ ਕਿਹਾ, ‘ਸਾਡੇ ਵਿਗਿਆਨੀ ਇਸ ਸਬੰਧ ਵਿੱਚ ਖੋਜ ਕਾਰਜਾਂ ਅਤੇ ਸਰੋਤਾਂ ਦਾ ਆਦਾਨ ਪ੍ਰਦਾਨ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਭਾਰਤੀ ਦਵਾਈ ਨਿਰਮਾਤਾ ਕੰਪਨੀਆਂ ਘੱਟ ਰੇਟਾਂ ’ਤੇ ਦਵਾਈਆਂ ਤੇ ਵੈਕਸੀਨ ਮੁਹੱਈਆ ਕਰਵਾਉਣ ਵਿੱਚ ਵਿਸ਼ਵ ’ਚ ਮੋਹਰੀ ਹਨ ਅਤੇ ਕਰੋਨਾ ਮਹਾਮਾਰੀ ਖ਼ਿਲਾਫ਼ ਲੜਨ ’ਚ ਅਹਿਮ ਰੋਲ ਅਦਾ ਕਰਨਗੀਆਂ।

Previous article‘One Nation, One Ration Card to start working across India by Jan’
Next articleਤਿੰਨ ਮਹੀਨੇ ਬਾਅਦ ਮੁੜ ਖੁੱਲ੍ਹਣ ਲੱਗਾ ਬਾਲੀ ਟਾਪੂ