ਭਾਰਤ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਚਿੰਤਾਵਾਂ ਦਾ ਨਹੀਂ ਮਿਲਿਆ ਤਸੱਲੀਬਖਸ਼ ਜਵਾਬ
ਬੈਂਕਾਕ- ਭਾਰਤ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਵਿੱਚ ਸ਼ਾਮਲ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਰਸੀਈਪੀ ਸ਼ਿਖਰ ਸੰਮੇਲਨ ਵਿੱਚ ਆਪਣੇ ਸੰਬੋਧਨ ਦੌਰਾਨ ਇਹ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਸੀਈਪੀ ਸਮਝੌਤੇ ਨੂੰ ਲੈ ਕੇ ਚੱਲ ਰਹੀ ਗੱਲਬਾਤ ਵਿੱਚ ਭਾਰਤ ਵੱਲੋਂ ਚੁੱਕੇ ਮੁੱਦਿਆਂ ਅਤੇ ਚਿੰਤਾਵਾਂ ਨੂੰ ਦੂਰ ਨਹੀਂ ਕੀਤਾ ਜਾ ਸਕਿਆ। ਇਸੇ ਕਾਰਨ ਭਾਰਤ ਨੇ ਇਹ ਫੈਸਲਾ ਕੀਤਾ ਹੈ। ਇਸ ਮੀਟਿੰਗ ਵਿੱਚ ਵੱਖ ਵੱਖ ਮੁਲਕਾਂ ਦੇ ਆਗੂ ਹਿੱਸਾ ਲੈ ਰਹੇ ਹਨ। ਮੋਦੀ ਨੇ ਕਿਹਾ, ‘‘ਆਰਸੀਈਪੀ ਸਮਝੌਤੇ ਦਾ ਮੌਜੂਦਾ ਖਰੜਾ ਪੂਰੀ ਤਰ੍ਹਾਂ ਇਸ ਦੀ ਮੂਲ ਭਾਵਨਾ ਅਤੇ ਸਿਧਾਂਤਾਂ ਦੀ ਤਰਜਮਾਨੀ ਨਹੀਂ ਕਰਦਾ। ਇਸ ਵਿੱਚ ਭਾਰਤ ਵੱਲੋਂ ਚੁੱਕੇ ਗਏ ਮੁੱਦਿਆਂ ਅਤੇ ਚਿੰਤਾਵਾਂ ਨੂੰ ਤਸੱਲੀਬਖਸ਼ ਤਰੀਕੇ ਨਾਲ ਨਜਿੱਠਿਆ ਨਹੀਂ ਜਾ ਸਕਿਆ। ਇਸ ਲਈ ਭਾਰਤ ਲਈ ਇਸ ਸਮਝੌਤੇ ਵਿੱਚ ਸ਼ਾਮਲ ਹੋਣਾ ਸੰਭਵ ਨਹੀਂ ਹੈ।’’ ਆਰਸੀਈਪੀ ਵਿੱਚ ਦਸ ਆਸੀਆਨ ਮੁਲਕ ਅਤੇ ਉਨ੍ਹਾਂ ਦੇ ਛੇ ਮੁਕਤ ਵਪਾਰ ਭਾਈਵਾਲ ਚੀਨ, ਭਾਰਤ, ਜਾਪਾਨ, ਦੱਖਣ ਕੋਰੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਹਾਲਾਂਕਿ ਭਾਰਤ ਨੇ ਆਰਸੀਈਪੀ ਵਿਚੋਂ ਬਾਹਰ ਨਿਕਲਣ ਦਾ ਫ਼ੈਸਲਾ ਕੀਤਾ ਹੈ। ਆਰਸੀਈਪੀ ਦਾ ਉਦੇਸ਼ ਵਿਸ਼ਵ ਦਾ ਸਭ ਤੋਂ ਵੱਡਾ ਮੁਕਤ ਵਪਾਰ ਖੇਤਰ ਬਣਨਾ ਹੈ। ਇਸ ਵਿੱਚ ਸ਼ਾਮਲ 16 ਮੁਲਕਾਂ ਦੇ ਇਸ ਸਮੂਹ ਦੀ ਆਬਾਦੀ 3.6 ਅਰਬ ਹੈ। ਇਹ ਦੁਨੀਆਂ ਦੀ ਕਰੀਬ ਅੱਧੀ ਆਬਾਦੀ ਹੈ। ਭਾਰਤ ਨੇ ਆਪਣੇ ਉਤਪਾਦਾਂ ਲਈ ਬਾਜ਼ਾਰ ਤਕ ਪਹੁੰਚ ਅਤੇ ਵਸਤਾਂ ਦੀ ਸਾਂਝੀ ਸੂਚੀ ਨਾਲ ਜੁੜੇ ਮੁੱਦਿਆਂ ਨੂੰ ਅਸਰਦਾਰ ਤਰੀਕੇ ਨਾਲ ਚੁੱਕਿਆ ਸੀ ਤਾਂ ਜੋ ਉਹ ਆਪਣੇ ਘਰੇਲੂ ਬਾਜ਼ਾਰ ਨੂੰ ਮਜ਼ਬੂਤੀ ਦੇ ਸਕੇ। ਅਜਿਹਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਇਸ ਸਮਝੌਤੇ ’ਤੇ ਹਸਤਾਖ਼ਰ ਕਰਨ ਤੋਂ ਬਾਅਦ ਦੇਸ਼ ਵਿੱਚ ਚੀਨ ਦੇ ਸਸਤੇ ਕਿਸਾਨੀ ਅਤੇ ਸਨਅਤੀ ਉਤਪਾਦਾਂ ਦਾ ਹੜ੍ਹ ਆ ਜਾਵੇਗਾ।ਪ੍ਰਧਾਨ ਮੰਤਰੀ ਨੇ ਕਿਹਾ, ‘‘ ਭਾਰਤ ਵਿਆਪਕ ਖੇਤਰੀ ਏਕੀਕਰਨ ਦੇ ਨਾਲ ਮੁਕਤ ਵਪਾਰ ਅਤੇ ਨਿਯਮ ਅਧਾਰਤ ਕੌਮਾਂਤਰੀ ਵਿਵਸਥਾ ਚਾਹੁੰਦਾ ਹੈ। ਆਰਸੀਈਪੀ ਗੱਲਬਾਤ ਦੀ ਸ਼ੁਰੂਆਤ ਵਿੱਚ ਹੀ ਭਾਰਤ ਇਸ ਨਾਲ ਅੱਗੇ ਵਧ ਕੇ, ਰਚਨਾਤਮਕ ਅਤੇ ਅਰਥਪੂਰਨ ਤਰੀਕੇ ਨਾਲ ਜੁੜਿਆ ਹੋਇਆ ਹੈ। ਭਾਰਤ ਨੇ ‘ਲੈਣ ਅਤੇ ਦੇਣ’ ਦੀ ਭਾਵਨਾ ਨਾਲ ਇਸ ਵਿੱਚ ਸੰਤੁਲਨ ਬਿਠਾਉਣ ਦਾ ਕੰਮ ਕੀਤਾ ਹੈ।’’ ਮੋਦੀ ਨੇ ਕਿਹਾ, ‘‘ ਜਦੋਂ ਅਸੀਂ ਆਲੇ ਦੁਆਲੇ ਦੇਖਦੇ ਹਾਂ ਤਾਂ ਸੱਤ ਸਾਲ ਦੀ ਆਰਸੀਈਪੀ ਮੀਟਿੰਗਾਂ ਦੌਰਾਨ ਕਈ ਚੀਜ਼ਾਂ.. ਦੁਨਿਆਵੀ ਆਰਥਿਕ ਵਪਾਰ ਪਰਿਪੇਖ ਵਿੱਚ ਬਦਲਾਅ ਆਇਆ ਹੈ। ਅਸੀਂ ਇਨ੍ਹਾਂ ਬਦਲਾਵਾਂ ਦੀ ਅਣਦੇਖੀ ਨਹੀਂ ਕਰ ਸਕਦੇ। ’’ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਕਿਹਾ ਕਿ ਜੇ ਭਾਰਤ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰਦਾ ਹੈ ਤਾਂ ਉਸ ਲਈ ਬੂਹੇ ਖੁੱਲ੍ਹੇ ਹਨ।