ਮਹਾਰਾਸ਼ਟਰ: ਸਿਆਸੀ ਜਮੂਦ ਤੋੜਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ

ਸ਼ਾਹ ਨੂੰ ਮਿਲੇ ਫੜਨਵੀਸ, ਸ਼ਰਦ ਪਵਾਰ ਵੱਲੋਂ ਸੋਨੀਆ ਨਾਲ ਮੁਲਾਕਾਤ

ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਭਾਜਪਾ ਤੇ ਸ਼ਿਵ ਸੈਨਾ ਦਰਮਿਆਨ ਚੱਲ ਰਹੀ ਕਸ਼ਮਕਸ਼ ਦਰਮਿਆਨ ਵੱਖ ਵੱਖ ਧਿਰਾਂ ’ਚ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਜਿੱਥੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਉਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ। ਉਧਰ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੈ ਰਾਉਤ ਮੁੰਬਈ ਵਿੱਚ ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਵੱਖਰੇ ਤੌਰ ’ਤੇ ਮਿਲੇ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਭਾਜਪਾ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਮਗਰੋਂ ਕਿਹਾ, ‘ਮਹਾਰਾਸ਼ਟਰ ਵਿੱਚ ਜਿੰਨਾ ਛੇਤੀ ਹੋਵੇ ਸਰਕਾਰ ਬਣਾਉਣ ਦੀ ਲੋੜ ਹੈ….ਮੈਨੂੰ ਯਕੀਨ ਹੈ, ਮੈਨੂੰ ਵਿਸ਼ਵਾਸ ਹੈ ਕਿ ਸਰਕਾਰ ਜਲਦੀ ਹੀ ਬਣ ਜਾਵੇਗੀ।’ ਫੜਨਵੀਸ ਨੇ ਮਗਰੋਂ ਮਹਾਰਾਸ਼ਟਰ ਚੋਣਾਂ ਲਈ ਇੰਚਾਰਜ ਤੇ ਭਾਜਪਾ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ ਨਾਲ ਵੀ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਸ਼ਾਹ ਨਾਲ ਮੁਲਾਕਾਤ ਮੌਕੇ ਸ੍ਰੀ ਫੜਨਵੀਸ ਨੇ ਅਧਿਕਾਰਤ ਤੌਰ ’ਤੇ ਮਹਾਰਾਸ਼ਟਰ ਦੇ ਕਿਸਾਨਾਂ, ਜਿਨ੍ਹਾਂ ਦੀ ਫਸਲ ਬੇਮੌਸਮੇ ਮੀਂਹ ਕਾਰਨ ਨੁਕਸਾਨੀ ਗਈ ਸੀ, ਲਈ ਕੇਂਦਰ ਤੋਂ ਪੈਕੇਜ ਮੰਗਿਆ ਹੈ। ਇਸ ਦੌਰਾਨ ਆਜ਼ਾਦ ਵਿਧਾਇਕ ਰਵੀ ਰਾਣਾ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿੱਚ ਭਾਜਪਾ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਦੇ ‘ਕੁਝ 25 ਵਿਧਾਇਕ’ ਉਹਦੇ ਸੰਪਰਕ ਵਿੱਚ ਹਨ। ਅਮਰਾਵਤੀ ਦੇ ਬਦਨੇੜਾ ਜ਼ਿਲ੍ਹੇ ਤੋਂ ਵਿਧਾਇਕ ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਫੜਨਵੀਸ ਜੇਕਰ ਸਰਕਾਰ ਬਣਾਉਂਦੇ ਹਨ ਤਾਂ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੋਫਾੜ ਹੋ ਜਾਵੇਗੀ ਤੇ ਸੈਨਾ ਦੇ ਦੋ ਦਰਜਨ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ।

Previous articleਭਾਰਤ ਆਰਸੀਈਪੀ ਸਮਝੌਤੇ ’ਚ ਸ਼ਾਮਲ ਨਹੀਂ ਹੋਵੇਗਾ: ਮੋਦੀ
Next articleਸ੍ਰੀਨਗਰ ’ਚ ਗ੍ਰਨੇਡ ਹਮਲਾ; ਇਕ ਹਲਾਕ, 35 ਜ਼ਖ਼ਮੀ