ਵਾਸ਼ਿੰਗਟਨ (ਸਮਾਜ ਵੀਕਲੀ): ਇੱਥੇ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਸਬੰਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੇ ਪੱਖ ’ਚ ਹੋਈ ਇੱਕ ਵਰਚੁਅਲ ਰੈਲੀ ਨੂੰ ਇੱਕ ਲੱਖ ਤੋਂ ਵੱਧ ਭਾਰਤੀ ਅਮਰੀਕੀਆਂ ਨੇ ਵੇਖਿਆ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਦੇ ਸਭ ਤੋਂ ਵੱਡੇ ਸਮਰਥਕ ਨੇ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਵਿੱਚ ਕਈ ਮਹੱਤਵਪੂਰਨ ਮੁੱਦਿਆਂ ’ਤੇ ਭਾਰਤ ਨੂੰ ਮਿਲੇ ਸਤਿਕਾਰ ਕਾਰਨ ਵੱਡੇ ਗਿਣਤੀ ’ਚ ਭਾਰਤੀ ਮੂਲ ਦੇ ਅਮਰੀਕੀ ਸੱਤਾਧਾਰੀ ਰਿਪਬਲਿਕਨ ਪਾਰਟੀ ਨਾਲ ਜੁੜ ਰਹੇ ਹਨ। ਰੈਲੀ ਦੌਰਾਨ ਅਲ ਮੈਸਨ ਨੇ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੁੜ ਰਾਸ਼ਟਰਪਤੀ ਚੁਣਨ ਲਈ ਅਪੀਲ ਕੀਤੀ।
ਭਾਰਤੀ ਅਮਰੀਕੀਆਂ ਨੂੰ ਪਹਿਲੀ ਵਾਰ ਸੰਬੋਧਨ ਕਰਨ ਮੌਕੇ ਸ੍ਰੀ ਮੈਸਨ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਖੋਜ ਤੋਂ ਪਤਾ ਲੱਗਦਾ ਹੈ ਕਿ ਸਾਲ 1992 ਤੋਂ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਉਮੀਦਵਾਰ ਹੁਣ ਰਾਸ਼ਟਰਪਤੀ ਟਰੰਪ ਦੇ ਪੱਖ ’ਚ ਵੋਟ ਪਾਉਣ ਲਈ ਮਨ ਬਣਾ ਰਹੇ ਹਨ। ਕੋਵਿਡ- 19 ਮਹਾਮਾਰੀ ਕਾਰਨ ਮੇਸਨ ਨੇ ਗੈਰ-ਰਾਜਸੀ ਸੁਤੰਤਰ ਰਾਜਸੀ ਐਕਸ਼ਨ ਕਮੇਟੀ ‘ਅਮੈਰੀਕਨਜ਼ 4 ਹਿੰਦੂਜ਼’ ਵੱਲੋਂ ਕਰਵਾਈ ਗਈ ‘ਹਿੰਦੂਜ਼ 4 ਟਰੰਪ’ ਰੈਲੀ ਨੂੰ ਸੰਬੋਧਨ ਕੀਤਾ। ਸੰਸਥਾ ਨੇ ਦੱਸਿਆ ਕਿ 30,000 ਲੋਕਾਂ ਨੇ ਇਸ ਰੈਲੀ ਨੂੰ ਵੱਖੋ-ਵੱਖਰੇ ਸੋਸ਼ਲ ਮੀਡੀਆ ਮੰਚਾਂ ’ਤੇ ਵੇਖਿਆ ਜਦਕਿ ਅਗਲੇ ਕੁਝ ਘੰਟਿਆਂ ਵਿੱਚ 70,000 ਲੋਕਾਂ ਨੇ ਇਸ ਰੈਲੀ ਨੂੰ ਆਨਲਾਈਨ ਮਾਧਿਅਮਾਂ ਰਾਹੀਂ ਵੇਖਿਆ।