ਉੱਘੇ ਭਾਰਤੀ ਪੱਤਰਕਾਰ ਰਵੀਸ਼ ਕੁਮਾਰ (44) ਨੇ ਕਿਹਾ ਹੈ ਕਿ ਭਾਰਤੀ ਮੀਡੀਆ ‘ਸੰਕਟ’ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ ਜੋ ਅਚਾਨਕ ਨਹੀਂ ਸਗੋਂ ਸੋਚ ਵਿਚਾਰ ਕੇ ਮੁਸ਼ਕਲਾਂ ਨਾਲ ਘੇਰਿਆ ਗਿਆ ਹੈ। ਐੱਨਡੀਟੀਵੀ ਦੇ ਸੀਨੀਅਰ ਐਗਜ਼ੀਕਿਊਟਿਵ ਸੰਪਾਦਕ ਰਵੀਸ਼ ਕੁਮਾਰ ਨੂੰ ਅੱਜ 2019 ਦੇ ਰੈਮਨ ਮੈਗਸੈਸੈ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਪੁਰਸਕਾਰ ਦੇਣ ਵਾਲੇ ਪੱਤਰ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਭਾਵਸ਼ਾਲੀ ਟੀਵੀ ਪੱਤਰਕਾਰਾਂ ’ਚੋਂ ਇਕ ਰਵੀਸ਼ ਕੁਮਾਰ ਆਪਣੀਆਂ ਖ਼ਬਰਾਂ ’ਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦਿੰਦੇ ਹਨ। ਫਿਲਪੀਨਜ਼ ਦੀ ਰਾਜਧਾਨੀ ਮਨੀਲਾ ’ਚ ਪੁਰਸਕਾਰ ਹਾਸਲ ਕਰਨ ਮਗਰੋਂ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਸੰਕਟ ਦੀ ਹਾਲਤ ’ਚ ਹੈ ਅਤੇ ਇਹ ਸੰਕਟ ਅਚਾਨਕ ਨਹੀਂ ਆਇਆ ਹੈ ਸਗੋਂ ਯੋਜਨਾਬੱਧ ਹੈ। ਰਵੀਸ਼ ਕੁਮਾਰ ਨੇ ਕਿਹਾ,‘‘ਮੈਂ ਆਪਣੇ ਲਈ ਤਾਂ ਖੁਸ਼ ਹਾਂ ਪਰ ਜਿਸ ਪੇਸ਼ੇ ਦੀ ਦੁਨੀਆਂ ਤੋਂ ਆਉਂਦਾ ਹਾਂ, ਉਸ ਦੀ ਹਾਲਤ ਨਿਰਾਸ਼ਾ ਬਿਆਨ ਕਰਦੀ ਹੈ।’’ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਪੱਤਰਕਾਰ ਹੋਣਾ ਹੁਣ ਨਿੱਜੀ ਕੋਸ਼ਿਸ਼ ਹੋ ਗਈ ਹੈ ਕਿਉਂਕਿ ਸਮਾਚਾਰ ਅਦਾਰੇ ਅਤੇ ਉਨ੍ਹਾਂ ਦੇ ਕਾਰਪੋਰੇਟ ਐਗਜ਼ੀਕਿਊਟਿਵ ਹੁਣ ਅਜਿਹੇ ਪੱਤਰਕਾਰਾਂ ਨੂੰ ਨੌਕਰੀਆਂ ਛੱਡਣ ਲਈ ਮਜਬੂਰ ਕਰ ਰਹੇ ਹਨ ਜੋ ਸਮਝੌਤਾ ਨਹੀਂ ਕਰਦੇ ਹਨ। ‘ਫਿਰ ਵੀ ਇਹ ਦੇਖਣਾ ਹੌਸਲਾ ਦਿੰਦਾ ਹੈ ਕਿ ਅਜਿਹੇ ਹੋਰ ਵੀ ਪੱਤਰਕਾਰ ਹਨ ਜੋ ਜਾਨ ਅਤੇ ਨੌਕਰੀ ਦੀ ਪਰਵਾਹ ਕੀਤੇ ਬਿਨਾਂ ਪੱਤਰਕਾਰੀ ਕਰ ਰਹੇ ਹਨ।’ ਰਵੀਸ਼ ਕੁਮਾਰ ਨੇ 5 ਅਗਸਤ ਨੂੰ ਧਾਰਾ 370 ਹਟਾਏ ਜਾਣ ਮਗਰੋਂ ਕਸ਼ਮੀਰ ਦੇ ਹਾਲਾਤ ਅਤੇ ਵਾਦੀ ’ਚ ਸੰਚਾਰ ਸੇਵਾਵਾਂ ’ਤੇ ਪਾਬੰਦੀ ਜਿਹੇ ਵਿਸ਼ਿਆਂ ਉਪਰ ਵੀ ਆਪਣੀ ਰਾਏ ਰੱਖੀ। ਉਨ੍ਹਾਂ ਕਿਹਾ ਕਿ ਜਦੋਂ ਕਸ਼ਮੀਰ ’ਚ ਇੰਟਰਨੈੱਟ ਬੰਦ ਕੀਤਾ ਗਿਆ ਤਾਂ ਸਾਰਾ ਮੀਡੀਆ ਸਰਕਾਰ ਦੇ ਪੱਖ ’ਚ ਆ ਗਿਆ ਪਰ ਕੁਝ ਅਜਿਹੇ ਵੀ ਸਨ ਜਿਨ੍ਹਾਂ ਸੱਚ ਦਿਖਾਉਣ ਦੀ ਹਿੰਮਤ ਕੀਤੀ ਅਤੇ ਟਰੌਲਾਂ ਦੀ ਫ਼ੌਜ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਹਰ ਜੰਗ ਜਿੱਤਣ ਲਈ ਨਹੀਂ ਲੜੀ ਜਾਂਦੀ ਪਰ ਕੁਝ ਜੰਗਾਂ ਸਿਰਫ਼ ਇਸ ਲਈ ਲੜੀਆਂ ਜਾਂਦੀਆਂ ਹਨ ਤਾਂ ਜੋ ਦੁਨੀਆਂ ਨੂੰ ਦੱਸਿਆ ਜਾ ਸਕੇ ਕਿ ਕੋਈ ਹੈ ਜੋ ਲੜ ਰਿਹਾ ਹੈ। ‘ਮੈਂ ਉਨ੍ਹਾਂ ਸਾਰੇ ਪੱਤਰਕਾਰਾਂ ਵੱਲੋਂ ਇਸ ਸਨਮਾਨ ਨੂੰ ਸਵੀਕਾਰ ਕਰਦਾ ਹਾਂ।’
INDIA ਭਾਰਤੀ ਮੀਡੀਆ ਸੰਕਟ ਦੇ ਦੌਰ ’ਚੋਂ ਗੁਜ਼ਰ ਰਿਹੈ: ਰਵੀਸ਼ ਕੁਮਾਰ