ਮੈਲਬਰਨ- ਸਮ੍ਰਿਤੀ ਮੰਧਾਨਾ ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਅੱਜ ਸੱਤ ਵਿਕਟਾਂ ਨਾਲ ਹਰਾ ਕੇ ਤਿਕੋਣੀ ਟੀ-20 ਲੜੀ ਵਿੱਚ ਵਾਪਸੀ ਦੀਆਂ ਉਮੀਦ ਬਰਕਰਾਰ ਰੱਖੀਆਂ ਹਨ। ਆਸਟਰੇਲੀਆ ਨੇ ਪੰਜ ਵਿਕਟਾਂ ’ਤੇ 173 ਦੌੜਾਂ ਬਣਾਈਆਂ, ਜਿਸ ਵਿੱਚ ਐਸ਼ਲੇ ਗਾਰਡਨਰ ਦੀਆਂ 57 ਗੇਂਦਾਂ ’ਤੇ 93 ਦੌੜਾਂ ਵੀ ਸ਼ਾਮਲ ਹਨ। ਮੈਗ ਲੈਨਿੰਗ ਨੇ 22 ਗੇਂਦਾਂ ਵਿੱਚ 37 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 19.4 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।
ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ 28 ਗੇਂਦਾਂ ਵਿੱਚ 49 ਦੌੜਾਂ ਅਤੇ ਮੰਧਾਨਾ ਨੇ 48 ਗੇਂਦਾਂ ਵਿੱਚ 55 ਦੌੜਾਂ ਬਣਾਈਆਂ।
ਇਸ ਜਿੱਤ ਨਾਲ ਭਾਰਤ ਅੰਕ ਸੂਚੀ ਵਿੱਚ ਇੰਗਲੈਂਡ ਮਗਰੋਂ ਦੂਸਰੇ ਨੰਬਰ ’ਤੇ ਹੈ। ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਆਖ਼ਰੀ ਲੀਗ ਤੋਂ ਪਤਾ ਚੱਲੇਗਾ ਕਿ ਫਾਈਨਲ ਕਿਹੜੀਆਂ ਟੀਮਾਂ ਵਿਚਾਲੇ ਹੋਵੇਗਾ। ਦੋ ਵਾਰ ਨਾਕਾਮ ਰਹਿਣ ਮਗਰੋਂ 16 ਸਾਲ ਦੀ ਸ਼ੇਫਾਲੀ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਉਸਨੇ ਆਪਣੀ ਪਾਰੀ ਦੌਰਾਨ ਅੱਠ ਚੌਕੇ ਅਤੇ ਇੱਕ ਛੱਕਾ ਜੜਿਆ। ਐਲਿਸ ਪੈਰੀ ਨੇ ਸ਼ੇਫਾਲੀ ਨੂੰ ਨਿਕੋਲਾ ਕੈਰੀ ਹੱਥੋਂ ਕੈਚ ਕਰਵਾਇਆ। ਫਿਰ ਜੇਮੀਮ੍ਹਾ ਰੌਡਰਿਗਜ਼ ਕ੍ਰੀਜ਼ ’ਤੇ ਆਈ, ਜਿਸ ਨੇ ਪੰਜ ਚੌਕਿਆਂ ਦੀ ਮਦਦ ਨਾਲ 19 ਗੇਂਦਾਂ ’ਚ 30 ਦੌੜਾਂ ਬਣਾਈਆਂ।
ਮੇਗਨ ਸ਼ੱਟ ਨੇ 13ਵੇਂ ਓਵਰ ਵਿੱਚ ਉਸ ਨੂੰ ਬਾਹਰ ਦਾ ਰਸਤਾ ਵਿਖਾਇਆ। ਕਪਤਾਨ ਹਰਮਨਪ੍ਰੀਤ ਕੌਰ 20 ਗੇਂਦਾਂ ’ਤੇ 20 ਦੌੜਾਂ ਬਣਾਉਣ ਮਗਰੋਂ ਨਾਬਾਦ ਰਹੀ। ਉਸਨੇ ਮੰਧਾਨਾ ਨਾਲ 42 ਦੌੜਾਂ ਦੀ ਭਾਈਵਾਲੀ ਕੀਤੀ। ਕੈਰੀ ਨੇ ਮੰਧਾਨਾ ਨੂੰ 19ਵੇਂ ਓਵਰ ਵਿੱਚ ਐੱਲਬੀਡਬਲਯੂ ਆਊਟ ਕੀਤਾ।
Sports ਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾਇਆ