ਦੁੱਤੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ

ਭਾਰਤ ਦੀ ਸਭ ਤੋਂ ਤੇਜ਼ ਮਹਿਲਾ ਦੌਡ਼ਾਕ ਦੁੱਤੀ ਚੰਦ ਨੇ ਅੱਜ ਇੱਥੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ 100 ਮੀਟਰ ਮੁਕਾਬਲੇ ਵਿੱਚ ਸੋਨ ਤਗ਼ਮਾ ਆਪਣੇ ਨਾਮ ਕੀਤਾ। ਇਹ ਦੁੱਤੀ ਦੀ ਸਾਲ ਦੀ ਪਹਿਲੀ ਰੇਸ ਹੈ। 24 ਸਾਲ ਦੀ ਇਹ ਅਥਲੀਟ ਆਪਣੇ ਕਲਿੰਗਾ ਇੰਸਟੀਚਿੳੂਟ ਆਫ ਇੰਡਸਟਰੀਅਲ ਟੈਕਨਾਲੋਜੀ ਦੀ ਨੁਮਾਇੰਦਗੀ ਕਰ ਰਹੀ ਹੈ। ਉਸ ਨੇ 11.49 ਸੈਕਿੰਡ ਦੇ ਸਮੇਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਮੰਗਲੌਰ ਯੂਨੀਵਰਸਿਟੀ ਦੀ ਧਨਲਕਸ਼ਮੀ ਐੱਸ ਨੇ 11.99 ਸੈਕਿੰਡ ਦੇ ਸਮੇਂ ਨਾਲ ਚਾਂਦੀ, ਜਦਕਿ ਮਹਾਤਮਾ ਗਾਂਧੀ ਯੂਨੀਵਰਸਿਟੀ ਦੀ ਸਨੇਹਾ ਐੱਸਐੱਸ ਨੇ 12.08 ਸੈਕਿੰਡ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
ਦੁੱਤੀ ਨੇ ਸੋਨ ਤਗ਼ਮਾ ਜਿੱਤਣ ਮਗਰੋਂ ਕਿਹਾ, ‘‘ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਹਿੱਸਾ ਲੈਣਾ ਸ਼ਾਨਦਾਰ ਰਿਹਾ। ਮੈਂ ਸੋਨ ਤਗ਼ਮਾ ਵੀ ਜਿੱਤ ਲਿਆ। ਮੈਂ ਨਤੀਜੇ ਤੋਂ ਕਾਫ਼ੀ ਖੁਸ਼ ਹਾਂ।’’ ਬੀਤੇ ਸਾਲ ਕੌਮੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 11.22 ਸੈਕਿੰਡ ਦੇ ਸਮੇਂ ਨਾਲ ਆਪਣੇ ਕੌਮੀ ਰਿਕਾਰਡ ਨੂੰ ਬਿਹਤਰ ਕਰਨ ਵਾਲੀ ਦੁੱਤੀ ਨੂੰ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਲਈ 11.15 ਸੈਕਿੰਡ ਦਾ ਸਮਾਂ ਕੱਢਣ ਦੀ ਲੋਡ਼ ਹੈ। ਉਹ ਇੱਥੇ 200 ਮੀਟਰ ਦੇ ਮੁਕਾਬਲੇ ਵਿੱਚ ਹਿੱਸਾ ਲਵੇਗੀ।

Previous articleਕਰੋਨਾਵਾਇਰਸ: ਦੁਨੀਆਂ ਭਰ ਵਿੱਚ 85 ਹਜ਼ਾਰ ਪੀੜਤ
Next articleਰਾਮ ਜਨਮ ਭੂਮੀ ਕਮੇਟੀ ਦੇ ਚੇਅਰਮੈਨ ਵੱਲੋਂ ਰਾਮ ਮੰਦਰ ਸਥਾਨ ਦਾ ਦੌਰਾ