ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ’ਚ ਪਹਿਲੀ ਲੜੀ ਜਿੱਤੀ

ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਪਹਿਲਾਂ ਹੀ ਜਿੱਤ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤੀਜੇ ਅਤੇ ਆਖ਼ਰੀ ਇਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਨਾਲ ਹਰਾ ਦਿੱਤਾ। ਰਿਕਾਰਡ 200ਵਾਂ ਇਕ ਰੋਜ਼ਾ ਖੇਡਣ ਵਾਲੀ ਕਪਤਾਨ ਮਿਤਾਲੀ ਰਾਜ ਨੇ ਮੈਚ ਤੋਂ ਪਹਿਲਾਂ ‘ਕਲੀਨ ਸਵੀਪ’ ਦੇ ਟੀਚੇ ’ਤੇ ਜ਼ੋਰ ਦਿੱਤਾ ਸੀ ਪਰ ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਉਨ੍ਹਾਂ ਦੀ ਟੀਮ 149 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਨੇ ਇਹ ਟੀਚਾ 29.2 ਓਵਰਾਂ ’ਚ ਹਾਸਲ ਕਰ ਲਿਆ। ਤੀਜੇ ਨੰਬਰ ’ਤੇ ਉਤਰੀ ਦੀਪਤੀ ਸ਼ਰਮਾ ਨੇ ਭਾਰਤ ਲਈ 90 ਗੇਂਦਾਂ ’ਚ 52 ਦੌੜਾਂ ਬਣਾਈਆਂ। ਭਾਰਤ ਦਾ ਸਕੋਰ 35ਵੇਂ ਓਵਰ ’ਚ ਚਾਰ ਵਿਕਟਾਂ ’ਤੇ 117 ਦੌੜਾਂ ਸੀ ਅਤੇ ਪੂਰੀ ਟੀਮ 44 ਓਵਰਾਂ ’ਚ 149 ਦੌੜਾਂ ’ਤੇ ਆਊਟ ਹੋ ਗਈ।
ਮੈਚ ਤੋਂ ਬਾਅਦ ਮਿਤਾਲੀ ਨੇ ਕਿਹਾ, ‘‘ਉਸ ਨੂੰ ਨਿਊਜ਼ੀਲੈਂਡ ’ਚ ਪਹਿਲੀ ਲੜੀ ਜਿੱਤਣ ਦੀ ਖੁਸ਼ੀ ਹੈ। ਮੈਨੂੰ ਖੁਸ਼ੀ ਹੈ ਕਿ ਦੀਪਤੀ ਤੇ ਜੈਮਿਮਾ ਵਰਗੀਆਂ ਖਿਡਾਰਨਾਂ ਨੇ ਦੌੜਾਂ ਬਣਾਈਆਂ। ਗੇਂਦਬਾਜ਼ਾਂ ਨੇ ਪੂਰੇ ਟੂਰਨਾਮੈਂਟ ’ਚ ਵਧੀਆ ਪ੍ਰਦਰਸ਼ਨ ਕੀਤਾ ਪਰ ਉਹ ਅੱਜ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ।’
ਦੋਹਾਂ ਟੀਮਾਂ ਦੇ ਬੱਲੇਬਾਜ਼ਾਂ ਲਈ ਇਹ ਪਿੱਚ ਚੁਣੌਤੀਪੂਰਨ ਸੀ। ਭਾਰਤੀ ਪੁਰਸ਼ ਟੀਮ ਵੀ ਕੱਲ੍ਹ ਲੜੀ ਦੇ ਤਿੰਨ ਮੈਚ ਜਿੱਤਣ ਤੋਂ ਬਾਅਦ ਚੌਥੇ ਮੈਚ ’ਚ ਇੱਥੇ 92 ਦੌੜਾਂ ’ਤੇ ਆਊਟ ਹੋ ਗਈ ਸੀ। ਨਿਊਜ਼ੀਲੈਂਡ ਲਈ ਆਫ਼ ਸਪਿੰਨਰ ਅੰਨਾ ਐਨਾ ਪੀਟਰਸਨ ਨੇ 10 ਓਵਰਾਂ ’ਚ 28 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦੋਂਕਿ ਤੇਜ਼ ਗੇਂਦਬਾਜ਼ ਲੀਆ ਤਾਹੁਹੂ ਨੂੰ ਤਿੰਨ ਵਿਕਟਾਂ ਮਿਲੀਆਂ। ਪਹਿਲੇ ਦੋ ਮੈਚਾਂ ’ਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਪ੍ਰਦਰਸ਼ਨ ਏਨਾ ਜ਼ੋਰਦਾਰ ਸੀ ਕਿ ਮੱਧਕ੍ਰਮ ਨੂੰ ਖੇਡਣ ਦੀ ਲੋੜ ਹੀ ਨਹੀਂ ਪਈ। ਹਰਮਨਪ੍ਰੀਤ ਕੌਰ ਇੱਥੇ ਬੱਲੇਬਾਜ਼ੀ ਲਈ ਉਤਰੀ ਪਰ 40 ਗੇਂਦਾਂ ’ਤੇ 24 ਦੌੜਾਂ ਹੀ ਬਣਾ ਸਕੀ। ਆਪਣੇ 200ਵੇਂ ਇਕ ਰੋਜ਼ਾ ਮੈਚ ’ਚ ਮਿਤਾਲੀ ਵੀ ਕੋਈ ਕਮਾਲ ਨਹੀਂ ਕਰ ਸਕੀ ਅਤੇ 28 ਗੇਂਦਾਂ ’ਚ ਨੌਂ ਦੌੜਾਂ ਬਣਾ ਕੇ ਆਊਟ ਹੋ ਗਈ। ਨਿਊਜ਼ੀਲੈਂਡ ਲਈ ਸੂਜ਼ੀ ਬੇਟਸ ਨੇ 57 ਅਤੇ ਐਮੀ ਸੈਟਰਥਵੇਟ ਨੇ ਨਾਬਾਦ 66 ਦੌੜਾਂ ਬਣਾਈਆਂ। ਮੰਧਾਨਾ ਨੂੰ ਪਲੇਅਰ ਆਫ਼ ਦਿ ਸੀਰੀਜ਼ ਚੁਣਿਆ ਗਿਆ। ਤਿੰਨ ਮੈਚਾਂ ਦੀ ਟੀ-20 ਲੜੀ 6 ਫਰਵਰੀ ਨੂੰ ਵੈਲਿੰਗਟਨ ’ਚ ਸ਼ੁਰੂ ਹੋਵੇਗੀ।

Previous articleਫੁਟਬਾਲ: ਕਤਰ ਬਣਿਆ ਨਵਾਂ ਏਸ਼ਿਆਈ ਚੈਂਪੀਅਨ
Next articleFree speech to be protected at university