ਭਾਰਤੀ ਪੁਲੀਸ ਢਾਂਚੇ ’ਚ ਵੱਡੇ ਪੱਧਰ ’ਤੇ ਬਦਲਾਅ ਦੀ ਲੋੜ: ਗੁਰਬਚਨ ਜਗਤ

ਨਵੀਂ ਦਿੱਲੀ (ਸਮਾਜ ਵੀਕਲੀ)  : ਸੇਵਾਮੁਕਤ ਤੇ ਮੌਜੂਦਾ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਅੱਜ ਭਾਰਤੀ ਪੁਲੀਸ ਢਾਂਚੇ ਵਿਚ ਵੱਡੇ ਪੱਧਰ ’ਤੇ ਬਦਲਾਅ ਦਾ ਸੱਦਾ ਦਿੱਤਾ। ਉਨ੍ਹਾਂ ਸੁਧਾਰਾਂ ਲਈ ਸਾਂਝੇ ਨਜ਼ਰੀਏ ਦਾ ਖਾਕਾ ਵਿਕਸਿਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇੰਡੀਅਨ ਪੁਲੀਸ ਫਾਊਂਡੇਸ਼ਨ ਦੇ ਸਥਾਪਨਾ ਦਿਵਸ ਮੌਕੇ ਫਾਊਂਡੇਸ਼ਨ ਦੇ ਚੇਅਰਪਰਸਨ ਤੇ ਮਨੀਪੁਰ ਦੇ ਸਾਬਕਾ ਰਾਜਪਾਲ ਗੁਰਬਚਨ ਜਗਤ ਨੇ ਕਿਹਾ ਕਿ ਮੁੱਢਲੀ ਪੁਲੀਸਿੰਗ ’ਚ ਉਦੋਂ ਹੀ ਸੁਧਾਰ ਹੋਵੇਗਾ ਜਦੋਂ ਪੁਲੀਸ ਬਲ ਸੱਤਾਧਾਰੀ ਸਰਕਾਰਾਂ ਦੀ ਮਰਜ਼ੀ ਮੁਤਾਬਕ ਨਾ ਚੱਲ ਕੇ ਕਾਨੂੰਨ ਦੀ ਪੂਰੀ ਪਾਲਣਾ ਯਕੀਨੀ ਬਣਾਉਣਗੇ।

ਜੰਮੂ ਤੇ ਕਸ਼ਮੀਰ ਦੇ ਸਾਬਕਾ ਡੀਜੀਪੀ ਜਗਤ ਨੇ ਕਿਹਾ ਕਿ ਉੱਚ ਪੁਲੀਸ ਪ੍ਰਸ਼ਾਸਨ ਦੀ ਚੋਣ ਧਿਆਨ ਨਾਲ ਕੀਤੀ ਜਾਣੀ ਚਾਹੀਦੀ ਹੈ, ਤੇ ਨਿਯੁਕਤੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਦੀ ਜ਼ਿੰਮੇਵਾਰੀ ਹੈ ਕਿਉਂਕਿ ਕਾਨੂੰਨ-ਵਿਵਸਥਾ ਰਾਜ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵਿਚ ਉੱਚੇ ਅਹੁਦਿਆਂ ’ਤੇ ਬੈਠਣ ਵਾਲਿਆਂ ਨੂੰ ਪੁਲੀਸ ਦੇ ਨਿੱਤ ਦੇ ਕੰਮਾਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਸਾਬਕਾ ਪੁਲੀਸ ਅਧਿਕਾਰੀ ਨੇ ਨਾਲ ਹੀ ਪੁਲੀਸ ਵੱਲੋਂ ਧਾਰਮਿਕ ਤਿਉਹਾਰਾਂ, ਚੋਣਾਂ ਤੇ ਅਤਿਵਾਦ ਦੌਰਾਨ ਨਿਭਾਈ ਜਾਂਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਯੂਪੀਐੱਸਸੀ ਦੇ ਸਾਬਕਾ ਚੇਅਰਪਰਸਨ ਨੇ ਛੇ ਮਹੀਨਿਆਂ ਦੌਰਾਨ ਪੰਜਾਬ ’ਚ ਤਿੰਨ ਡੀਜੀਪੀ ਬਦਲੇ ਜਾਣ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਤੇ ਕਿਹਾ ਕਿ ਦੂਜੇ ਰਾਜਾਂ ਵਿਚ ਵੀ ਸਥਿਤੀ ਬਹੁਤੀ ਚੰਗੀ ਨਹੀਂ ਹੈ।

ਇਸ ਮੌਕੇ ਯੂਪੀ ਦੇ ਸਾਬਕਾ ਡੀਜੀਪੀ ਪ੍ਰਕਾਸ਼ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਲੋਕਾਂ ਦਾ ਭਰੋਸਾ ਜਿੱਤਣ ਉਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਹੀ ਸੁਧਾਰਾਂ ਦੀ ਨੀਂਹ ਬਣੇਗਾ। ਸਿੰਘ ਨੇ ਪੁਲੀਸ ਸੁਧਾਰਾਂ ਨੂੰ ਲਾਗੂ ਕਰਨ ਬਾਰੇ ਆਪਣੀ ਸਮੀਖਿਆ ਦੇ ਹਵਾਲੇ ਨਾਲ ਕਿਹਾ, ‘‘ਇਸ ਦਿਸ਼ਾ ਵਿੱਚ ਚੰਗੇ ਸੰਕੇਤ ਮਿਲੇ ਹਨ। ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੋਆ, ਕਰਨਾਟਕ, ਮਨੀਪੁਰ ਤੇ ਮਿਜ਼ੋਰਮ ਨੇ ਇਸ ਪਾਸੇ ਚੰਗਾ ਕੰਮ ਕੀਤਾ ਹੈ ਜਦੋਂਕਿ ਯੂਪੀ, ਬਿਹਾਰ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਤੇ ਤਿਲੰਗਾਨਾ ਦੀ ਕਾਰਗੁਜ਼ਾਰੀ ਅਫਸੋਸਨਾਕ ਹੈ। ਹੋਰਨਾਂ ਰਾਜਾਂ ਨੇ ਔਸਤ ਕੰਮ ਕੀਤਾ ਹੈ।’’

ਉਨ੍ਹਾਂ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਕਿ ਉਹ ਖੁ਼ਦ ਵਿੱਚ ਤਬਦੀਲੀਆਂ ਲਈ ਪਹਿਲਾਂ ਝੁਕਣਾ ਸਿੱਖਣ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਪੁਲੀਸ ਸਟੇਸ਼ਨਾਂ ਦੇ ਮਾਹੌਲ ਵਿੱਚ ਤਬਦੀਲੀ ਨਾਲ ਕੀਤੀ ਜਾਵੇ, ਜਿਸ ਨਾਲ ਲੋਕਾਂ ਵਿੱਚ ਭਰੋੋਸਾ ਵਧੇ ਕਿ ਉਨ੍ਹਾਂ ਦੇ ਕੰਮ ਹੋਣਗੇ। ਇਸ ਲਈ ਨਾ ਤਾਂ ਕੋਈ ਪੈਸਾ ਲਗਦਾ ਹੈ ਤੇ ਨਾ ਹੀ ਸਿਆਸੀ ਸ਼ਮੂਲੀਅਤ ਦੀ ਲੋੜ ਹੈ। ਪਹਿਲਾਂ ਸੌਖੇ ਕੇਸਾਂ ਤੇ ਮਗਰੋਂ ਵਿਵਾਦਿਤ ਮਾਮਲਿਆਂ ਦਾ ਨਿਬੇੜਾ ਕੀਤਾ ਜਾਣਾ ਚਾਹੀਦਾ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਹਾਲੀ ਹਵਾਈ ਅੱਡੇ ਦਾ ਨਾਮ ‘ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ’ ਰੱਖਿਆ
Next articleਪੀਐੱਫਆਈ ਤੇ ਸਹਾਇਕ ਜਥੇਬੰਦੀਆਂ ’ਤੇ ਪੰਜ ਸਾਲ ਦੀ ਪਾਬੰਦੀ