ਮੁੰਬਈ (ਸਮਾਜਵੀਕਲੀ) : ਆਸਕਰ ਜੇਤੂ ਸਾਊਂਡ ਡਿਜ਼ਾਈਨਰ ਰਸੂਲ ਪੁਕੂਟੀ ਵਲੋਂ ਭਾਰਤੀ ਫੌਜੀ ਜਵਾਨ ਹਰਭਜਨ ਸਿੰਘ ਨਾਲ ਜੁੜੀਆਂ ਕਹਾਣੀਆਂ ’ਤੇ ਆਧਾਰਿਤ ਫਿਲਮ ਬਣਾ ਕੇ ਫਿਲਮ ਨਿਰਮਾਣ ਵਿੱਚ ਕਦਮ ਰੱਖਿਆ ਜਾ ਰਿਹਾ ਹੈ। ਭਾਰਤੀ ਫੌਜ ਵਿੱਚ ਇਸ ਜਵਾਨ ਦੀ ਮੌਤ ਸਬੰਧੀ ਦੰਦਕਥਾਵਾਂ ਬਹੁਤ ਹਨ। ਹਰਭਜਨ ਸਿੰਘ ਦੀ ਮੌਤ 1968 ਵਿੱਚ 22 ਸਾਲ ਦੀ ਊਮਰੇ ਡਿਊਟੀ ਦੌਰਾਨ ਦਰਿਆ ਵਿੱਚ ਡਿੱਗਣ ਕਾਰਨ ਹੋਈ ਸੀ।
ਪੁਕੂਟੀ ਨੇ ਦੱਸਿਆ ਕਿ ਜਵਾਨਾਂ ਨਾਲ ਗੱਲਬਾਤ ਦੌਰਾਨ ਊਨ੍ਹਾਂ ਨੂੰ ਇਸ ਜਵਾਨ ਸਬੰਧੀ ਕਹਾਣੀਆਂ ਬਾਰੇ ਪਤਾ ਲੱਗਿਆ। ਜਵਾਨਾਂ ਦਾ ਮੰਨਣਾ ਹੈ ਕਿ ਹਰਭਜਨ ਸਿੰਘ ਊਨ੍ਹਾਂ ਦੇ ਸੁਪਨਿਆਂ ਵਿੱਚ ਆਉਂਦਾ ਹੈ ਅਤੇ ਊਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ। ਪੁਕੂਟੀ ਨੇ ਦੱਸਿਆ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ-ਚੀਨ ਸਰਹੱਦ ’ਤੇ ਉਹ ਗਸ਼ਤ ਕਰਦਾ ਰਹਿੰਦਾ ਹੈ ਅਤੇ ਕਿਸੇ ਜਵਾਨ ਨੂੰ ਡਿਊਟੀ ਦੌਰਾਨ ਸੌਣ ਨਹੀਂ ਦਿੰਦਾ ਤੇ ਜੇ ਕੋਈ ਸੌਂਦਾ ਹੈ ਤਾਂ ਉਸ ਦੇ ਥੱਪੜ ਵੱਜਦਾ ਹੈ। ਇਸ ਫਿਲਮ ਵਿੱਚ 1968 ਅਤੇ 2020 ਦੇ ਭਾਰਤ ਵਿਚਲੇ ਹਾਲਾਤ ਦਿਖਾਏ ਜਾਣਗੇ।