ਕੋਲੰਬੋ- ਖੱਬੇ ਹੱਥ ਦੇ ਸਪਿੰਨਰ ਅਥਰਵ ਐਂਕੋਲੇਕਰ ਦੀਆਂ ਪੰਜ ਵਿਕਟਾਂ ਦੀ ਬਦੌਲਤ ਭਾਰਤ ਨੇ ਅੰਡਰ-19 ਏਸ਼ੀਆ ਕੱਪ ਦੇ ਇੱਕ ਰੋਜ਼ਾ ਮੁਕਾਬਲੇ ਵਿੱਚ ਅੱਜ ਇੱਥੇ ਬੰਗਲਾਦੇਸ਼ ਨੂੰ ਪੰਜ ਦੌੜਾਂ ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕਰ ਲਿਆ। ਘੱਟ ਸਕੋਰ ਵਾਲੇ ਇਸ ਮੈਚ ਵਿੱਚ ਐਂਂਕੋਲੇਕਰ ਤੋਂ ਇਲਾਵਾ ਆਕਾਸ਼ ਸਿੰਘ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 12 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸੁਸ਼ਾਂਤ ਮਿਸ਼ਰਾ ਅਤੇ ਵਿਦਿਆਧਰ ਪਾਟਿਲ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 32.4 ਓਵਰਾਂ ਵਿੱਚ ਸਿਰਫ਼ 106 ਦੌੜਾਂ ’ਤੇ ਢੇਰ ਹੋ ਗਈ, ਪਰ 18 ਸਾਲ ਦੇ ਐਂਕੋਲੇਕਰ ਨੇ ਅੱਠ ਓਵਰਾਂ ਵਿੱਚ 28 ਦੌੜਾਂ ਦੇ ਕੇ ਪੰਜ ਵਿਕਟਾਂ ਲੈ ਕੇ ਬੰਗਲਾਦੇਸ਼ ਦੀ ਪਾਰੀ ਨੂੰ ਢੇਰ ਕਰ ਦਿੱਤਾ। ਇਸ ਤੋਂ ਪਹਿਲਾਂ ਜਿੱਤ ਲਈ 107 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਬੰਗਲਾਦੇਸ਼ ਦੀ ਸ਼ੁਰੂਆਤ ਖ਼ਰਾਬ ਸ਼ੁਰੂਆਤ ਰਹੀ, ਪਰ ਕਪਤਾਨ ਅਕਬਰ ਅਲੀ (23 ਦੌੜਾਂ) ਅਤੇ ਮ੍ਰਿਤਯੁੰਜਯ ਚੌਧਰੀ ਨੇ (21 ਦੌੜਾਂ) ਉਮੀਦਾਂ ਬਣਾਈ ਰੱਖੀਆਂ, ਪਰ ਦੋਵੇਂ ਬੱਲੇਬਾਜ਼ ਛੇਤੀ ਪੈਵਿਲੀਅਨ ਪਰਤ ਗਏ। ਇਸ ਮਗਰੋਂ ਤੰਜਿਮ ਹਸਨ ਸ਼ਾਕਿਬ (12 ਦੌੜਾਂ) ਅਤੇ ਰਕੀਬੁਲ ਹਸਨ (ਨਾਬਾਦ 11 ਦੌੜਾਂ) ਨੇ ਨੌਵੀਂ ਵਿਕਟ ਲਈ 23 ਦੌੜਾਂ ਜੋੜ ਕੇ ਇੱਕ ਵਾਰ ਫਿਰ ਭਾਰਤ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ, ਪਰ ਐਂਕੋਲੇਕਰ ਨੇ ਚਾਰ ਗੇਂਦਾਂ ਦੇ ਅੰਦਰ ਆਖ਼ਰੀ ਦੋਵੇਂ ਵਿਕਟਾਂ ਝਟਕਾ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ। ਭਾਰਤ ਲਈ ਕਪਤਾਨ ਧਰੁਵ ਜ਼ੁਰੇਲ (33 ਦੌੜਾਂ) ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ ਕਰਨ ਲਾਲ (37 ਦੌੜਾਂ) ਹੀ ਬੱਲੇ ਰਾਹੀਂ ਪ੍ਰਦਰਸ਼ਨ ਕਰ ਸਕੇ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਭਾਰਤੀ ਟੀਮ ਲਈ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਗ਼ਲਤ ਸਾਬਤ ਹੋਇਆ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਚੌਧਰੀ (18 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਭਾਰਤੀ ਬੱਲੇਬਾਜ਼ਾਂ ਨੂੰ ਕ੍ਰੀਜ਼ ’ਤੇ ਟਿਕਣ ਨਹੀਂ ਦਿੱਤਾ। ਛੇਵੇਂ ਓਵਰ ਦੀ ਪਹਿਲੀ ਗੇਂਦ ਤੱਕ ਭਾਰਤ ਦੇ ਤਿੰਨ ਬੱਲੇਬਾਜ਼ ਪੈਵਿਲੀਅਨ ਪਰਤ ਗਏ ਸਨ, ਜਦਕਿ ਸਕੋਰ ਬੋਰਡ ’ਤੇ ਸਿਰਫ਼ ਅੱਠ ਦੌੜਾਂ ਸਨ। ਇਸ ਮਗਰੋਂ ਕਪਤਾਨ ਜ਼ੁਰੇਲ ਅਤੇ ਸ਼ਾਸ਼ਵਤ ਰਾਵਤ (19 ਦੌੜਾਂ) ਨੇ ਟੀਮ ਦੇ ਸਕੋਰ ਨੂੰ 50 ਤੋਂ ਪਾਰ ਪਹੁੰਚਾਇਆ, ਪਰ ਰਾਵਤ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਇੱਕ ਵਾਰ ਫਿਰ ਹਿੱਲ ਗਈ ਅਤੇ ਟੀਮ ਨੇ 84 ਦੌੜਾਂ ’ਤੇ ਨੌਵੀਂ ਵਿਕਟ ਗੁਆ ਲਈ। ਕਰਨ ਨੇ ਆਖ਼ਰੀ ਵਿਕਟ ਲਈ ਆਕਾਸ਼ ਸਿੰਘ (ਨਾਬਾਦ ਦੋ ਦੌੜਾਂ) ਨਾਲ 22 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਦੇ ਸਕੋਰ ਨੂੰ 100 ਤੋਂ ਪਾਰ ਪਹੁੰਚਾਇਆ। ਉਹ ਆਊਟ ਹੋਣ ਵਾਲਾ ਆਖ਼ਰੀ ਬੱਲੇਬਾਜ਼ੀ ਰਿਹਾ।
Sports ਭਾਰਤੀ ਕ੍ਰਿਕਟ ਟੀਮ ਨੇ ਅੰਡਰ-19 ਏਸ਼ੀਆ ਖ਼ਿਤਾਬ ਜਿੱਤਿਆ