ਵਾਸ਼ਿੰਗਟਨ- ਭਾਰਤ ਦੇ ਪੁਲਾੜ ਪ੍ਰਾਜੈਕਟ ‘ਚੰਦਰਯਾਨ-2’ ਦਾ ‘ਵਿਕਰਮ’ ਲੈਂਡਰ ਜੋ ਕਿ ਸਤੰਬਰ ਵਿਚ ਚੰਦ ਦੇ ਧਰਾਤਲ ਨਾਲ ਟਕਰਾ ਗਿਆ ਸੀ, ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਲੱਭ ਲਿਆ ਹੈ। ਇਸ ਨੂੰ ਲੱਭਣ ਵਿਚ ‘ਨਾਸਾ’ ਦੇ ਚੇਨਈ ਦੇ ਇਕ ਸੂਚਨਾ ਤਕਨੀਕ ਮਾਹਿਰ ਨੇ ਮਦਦ ਕੀਤੀ ਹੈ।
ਨਾਸਾ ਨੇ ਬਿਆਨ ਜਾਰੀ ਕਰ ਕੇ ਸ਼ਨਮੁਗਾ ਸੁਬਰਾਮਣੀਅਨ ਦੀ ਸਿਫ਼ਤ ਕੀਤੀ ਹੈ। ‘ਚੰਦਰਯਾਨ-2’ ਦਾ ਮਲਬਾ ਲੱਭਣ ਲਈ ਘੰਟਿਆਂ ਬੱਧੀ ਸੁਬਰਾਮਣੀਅਨ ਨੇ ਨਾਸਾ ਦੀ ਮਦਦ ਕੀਤੀ ਤੇ ਲੈਂਡ ਕਰਨ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਦਾ ਬਾਰੀਕੀ ਨਾਲ ਤੁਲਨਾਤਮਕ ਅਧਿਐਨ ਕੀਤਾ। ਨਾਸਾ ਨੇ ਅੱਜ ਤਿੰਨ ਮਹੀਨੇ ਬਾਅਦ ‘ਹਾਰਡ ਲੈਂਡਿੰਗ’ ਨਾਲ ਨਸ਼ਟ ਹੋਏ ਇਸ ਪ੍ਰਾਜੈਕਟ ਸਬੰਧੀ ਇਹ ਜਾਣਕਾਰੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ‘ਵਿਕਰਮ ਲੈਂਡਰ’ 7 ਸਤੰਬਰ ਨੂੰ ਸੁਵੱਖਤੇ ਚੰਦ ਦੇ ਦੱਖਣੀ ਧੁਰੇ ਨਾਲ ਟਕਰਾ ਗਿਆ ਸੀ। ਨਾਸਾ ਨੇ ਟਵੀਟ ਕਰ ਕੇ ਦੱਸਿਆ ਕਿ ਲੈਂਡਰ ਦਾ ਮਲਬਾ ਅਮਰੀਕੀ ਏਜੰਸੀ ਦੇ ‘ਮੂਨ ਮਿਸ਼ਨ’ ਨੇ ਲੱਭਿਆ ਹੈ। ਚੰਦ ਦੇ ਧਰਾਤਲ ’ਤੇ ਭਾਰਤੀ ਏਜੰਸੀ ‘ਇਸਰੋ’ ਨੇ ‘ਸੌਫ਼ਟ ਲੈਂਡਿੰਗ’ ਦੀ ਕੋਸ਼ਿਸ਼ ਕੀਤੀ ਸੀ।
ਨਾਸਾ ਦੇ ਔਰਬਿਟਰ ਕੈਮਰੇ ਨੇ 17 ਸਤੰਬਰ ਨੂੰ ਚੰਦ ਨੇੜਿਓਂ ਗੁਜ਼ਰਦਿਆਂ ਕੁਝ ਫੋਟੋਆਂ ਖਿੱਚੀਆਂ ਸਨ। ਇਹ ਟੱਕਰ ਵਾਲੀ ਥਾਂ ਦੇ ਕਾਫ਼ੀ ਨੇੜੇ ਸਨ। ਇਸ ਤੋਂ ਬਾਅਦ ਤਸਵੀਰਾਂ 26 ਸਤੰਬਰ ਨੂੰ ਰਿਲੀਜ਼ ਕੀਤੀਆਂ ਗਈਆਂ। ਸੁਬਰਾਮਣੀਅਨ ਦਾ ਤਸਵੀਰਾਂ ਬਾਰੇ ਅਧਿਐਨ ਕਾਫ਼ੀ ਸਕਾਰਾਤਮਕ ਪਾਇਆ ਗਿਆ। ਉਸ ਨੇ ਮਲਬੇ ਦੀ ਅਸਲ ਟੱਕਰ ਵਾਲੀ ਜਗ੍ਹਾ ਤੋਂ 750 ਮੀਟਰ ਦੂਰ ਸ਼ਨਾਖ਼ਤ ਕੀਤੀ। ਤਸਵੀਰਾਂ ਜ਼ਿਆਦਾ ਸਾਫ਼ ਨਹੀਂ ਸਨ ਤੇ ਨਾਸਾ ਨੇ 14 ਤੇ 15 ਅਕਤੂਬਰ ਤੇ ਫਿਰ 11 ਨਵੰਬਰ ਨੂੰ ਮੁੜ ਤਸਵੀਰਾਂ ਲਈਆਂ। ਇਨ੍ਹਾਂ ਵਿਚ ਸਾਹਮਣੇ ਆਇਆ ਕਿ ਲੈਂਡਿੰਗ ਵਾਲੀ ਤੈਅ ਜਗ੍ਹਾ ਤੋਂ ਇਹ 2500 ਫੁੱਟ ਦੂਰ ਚੰਦ ਨਾਲ ਟਕਰਾਇਆ ਹੈ ਤੇ ਮਲਬਾ ਫੈਲਿਆ ਹੋਇਆ ਹੈ।
HOME ਭਾਰਤੀ ਇੰਜਨੀਅਰ ਦੀ ਮਦਦ ਨਾਲ ‘ਨਾਸਾ’ ਨੇ ‘ਵਿਕਰਮ ਲੈਂਡਰ’ ਲੱਭਿਆ