ਭਾਰਤੀ ਅਰਥਚਾਰਾ 7.3 ਫੀਸਦ ਡਿੱਗਿਆ

ਨਵੀਂ ਦਿੱਲੀ, ਸਮਾਜ ਵੀਕਲੀ: ਪਿਛਲੇ ਵਿੱਤੀ ਸਾਲ (2020-21) ਦੀ ਚੌਥੀ ਤਿਮਾਹੀ ਵਿੱਚ ਵਿਕਾਸ ਦਰ ਦੇ ਰਫ਼ਤਾਰ ਫੜਨ ਦੇ ਬਾਵਜੂਦ ਮਾਰਚ 2021 ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ ਭਾਰਤੀ ਅਰਥਚਾਰਾ 7.3 ਫੀਸਦ ਤੱਕ ਡਿੱਗ ਗਿਆ, ਹਾਲਾਂਕਿ ਇਸ ਨਿਘਾਰ ਦੀ ਕਿਸੇ ਨੂੰ ਉਮੀਦ ਨਹੀਂ ਸੀ। ਸਰਕਾਰ ਵੱੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਏਸ਼ੀਆ ਦੇ ਤੀਜੇ ਸਭ ਤੋਂ ਵੱਡੇ ਅਰਥਚਾਰੇ ਭਾਰਤ ਦੀ ਵਿਕਾਸ ਦਰ 2020-21 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਦੌਰਾਨ 1.6 ਫੀਸਦ ਦੀ ਦਰ ਨਾਲ ਵਧੀ, ਜਦੋਂਕਿ ਪੂਰੇ ਵਿੱਤੀ ਸਾਲ ਦੌਰਾਨ ਜੀਡੀਪੀ ਵਿੱਚ 7.3 ਫੀਸਦ ਦਾ ਨਿਘਾਰ ਵੇਖਣ ਨੂੰ ਮਿਲਿਆ।

ਹਾਲਾਂਕਿ ਜਨਵਰੀ-ਮਾਰਚ 2021 ਦੌਰਾਨ ਵਿਕਾਸ ਦਰ ਇਸ ਤੋਂ ਪਿਛਲੀ ਤਿਮਾਹੀ ਅਕਤੂਬਰ-ਦਸੰਬਰ 2020 ਦੇ 0.5 ਫੀਸਦ ਵਾਧੇ ਦੇ ਮੁਕਾਬਲੇ ਬਿਹਤਰ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ 2019-20 ਵਿੱਚ ਜਨਵਰੀ-ਮਾਰਚ ਤਿਮਾਹੀ ਦੌਰਾਨ ਕੁਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਤਿੰਨ ਫੀਸਦ ਦਾ ਵਾਧਾ ਹੋਇਆ। ਅੰਕੜਿਆਂ ਮੁਤਾਬਕ ਭਾਰਤੀ ਅਰਥਚਾਰਾ ਆਕਾਰ ਵਿੱਚ 2020-21 ਦੌਰਾਨ 7.3 ਫੀਸਦ ਸੁੰਗੜਿਆ, ਜਦੋਂਕਿ ਇਸ ਤੋਂ ਪਿਛਲੇ ਵਿੱਤੀ ਸਾਲ ਵਿੱਚ ਅਰਥਚਾਰਾ 4 ਫੀਸਦ ਦੀ ਦਰ ਨਾਲ ਵਧਿਆ ਸੀ। ਐੱਨਐੱਸਓ ਨੇ ਇਸ ਸਾਲ ਜਨਵਰੀ ਵਿੱਚ ਜਾਰੀ ਆਪਣੇ ਅੰਤਰਿਮ ਅਨੁਮਾਨਾਂ ਦੇ ਆਧਾਰ ’ਤੇ ਕਿਹਾ ਸੀ ਕਿ 2020-21 ਦੌਰਾਨ ਜੀਡੀਪੀ ਵਿੱਚ 7.7 ਫੀਸਦ ਦਾ ਨਿਘਾਰ ਰਹੇਗਾ।

ਵਿੱਤੀ ਸਾਲ 1979-80, ਜਦੋਂ ਜੀਡੀਪੀ 5.2 ਫੀਸਦ ਤਕ ਸੁੰਗੜ ਗਈ ਸੀ, ਮਗਰੋਂ ਪਿਛਲੇ ਚਾਰ ਦਹਾਕਿਆਂ ਵਿੱਚ ਪਹਿਲੀ ਵਾਰ ਹੈ ਜਦੋਂ ਪੂਰਾ ਸਾਲ ਭਾਰਤੀ ਅਰਥਚਾਰਾ ਹੇਠਾਂ ਨੂੰ ਗਿਆ ਹੈ। ਅੰਕੜਿਆਂ ਮੁਤਾਬਕ ਮਾਰਚ 2020 ਦੇ ਅਖੀਰ ਵਿੱਚ ਭਾਰਤ ਦੀ ਅਸਲ ਜੀਡੀਪੀ ਵਿੱਤੀ ਸਾਲ 2021 (2020-21) ਵਿੱਚ 145 ਲੱਖ ਕਰੋੜ ਰੁਪੲੇ ਤੋਂ ਸੁੰਗੜ ਕੇ 135 ਲੱਖ ਕਰੋੜ ਰੁਪੲੇ ਰਹਿ ਗਈ ਸੀ। ਅਰਥਚਾਰੇ ਦੇ 145 ਲੱਖ ਕਰੋੜ ਰੁਪਏ ਦੇ ਇਸ ਆਕਾਰ ਦੀ ਮੁੜ ਪ੍ਰਾਪਤੀ ਲਈ ਅਰਥਚਾਰੇ ਨੂੰ ਮੌਜੂਦਾ ਵਿੱਤੀ ਸਾਲ 2021-22 ਵਿੱਚ ਅਰਥਚਾਰੇ ਵਿੱਚ 10 ਤੋਂ 11 ਫੀਸਦ ਦਾ ਵਾਧਾ ਲੋੜੀਂਦਾ ਹੈ, ਪਰ ਪਿਛਲੇ ਮਹੀਨੇ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਆਰਥਿਕ ਸਰਗਰਮੀਆਂ ਦੀ ਰਫ਼ਤਾਰ ਵਿੱਚ ਵੱਡਾ ਅੜਿੱਕਾ ਬਣੀ ਹੈ ਤੇ ਕਈਆਂ ਨੂੰ ਉਮੀਦ ਹੈ ਕਿ ਹੇਠਲੇ ਪੱਧਰ ਦੇ ਬਾਵਜੂਦ ਜੀਡੀਪੀ ਵਿਕਾਸ ਦਰ ਦੇ ਦਹਾਈ ਅੰਕਾਂ ਵਾਲੇ ਪੱਧਰ ਨੂੰ ਨਹੀਂ ਛੋਹ ਸਕੇਗੀ।

ਰੋਜ਼ਾਨਾ ਰਿਪੋਰਟ ਹੋਣ ਵਾਲੇ ਕੋਵਿਡ-19 ਕੇਸਾਂ ਦੀ ਗਿਣਤੀ 4 ਲੱਖ ਦੇ ਸਿਖਰ ਤੋਂ ਘੱਟ ਕੇ 1.5 ਲੱਖ ’ਤੇ ਆ ਗਈ ਹੈ, ਪਰ ਖਪਤਕਾਰ ਮੰਗ ਵਿੱਚ ਨਿਘਾਰ, ਜੋ ਅਰਥਚਾਰੇ ਦਾ 55 ਫੀਸਦ ਤੋਂ ਵੱਧ ਹੈ ਅਤੇ ਬੇਰੁਜ਼ਗਾਰੀ ਜੋ 14.73 ਫੀਸਦ ਨਾਲ ਸਾਲ ਦੇ ਸਭ ਤੋਂ ਸਿਖਰਲੇ ਪੱਧਰ ’ਤੇ ਹੈ, ਸੱਜਰੀਆਂ ਚੁਣੌਤੀਆਂ ਵਜੋਂ ਦਰਪੇਸ਼ ਹਨ। ਸਮੀਖਿਅਕਾਂ ਨੇ ਚਾਰ ਮਹੀਨੇ ਪੁਰਾਣੇ ਟੀਕਾਕਰਨ ਪ੍ਰੋਗਰਾਮ ਦੀ ਧੀਮੀ ਰਫ਼ਤਾਰ ਨਾਲ ਵਿਕਾਸ ਦਰ ਨੂੰ ਜੋਖਮ ਦਰਪੇਸ਼ ਹੋਣ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਐੱਨਐੱਸਓ ਤੇ ਭਾਰਤੀ ਰਿਜ਼ਰਵ ਬੈਂਕ ਨੇ 2020-21 ਵਿੱਚ ਅਰਥਚਾਰੇ ’ਚ 8 ਫੀਸਦ ਤੇ 7.5 ਫੀਸਦ ਨਿਘਾਰ ਆਉਣ ਦੀ ਪੇਸ਼ੀਨਗੋਈ ਕੀਤੀ ਸੀ। ਗੁਆਂਢੀ ਮੁਲਕ ਚੀਨ, ਜੋ ਕਿਸੇ ਵੇਲੇ ਕਰੋਨਾਵਾਇਰਸ ਦੀ ਮਾਰ ਝੱਲਣ ਵਾਲੇ ਵੱਡੇ ਅਰਥਚਾਰਿਆਂ ’ਚੋਂ ਇਕ ਸੀ,ਨੇ ਜਨਵਰੀ-ਮਾਰਚ 2021 ਵਿੱਚ 18.3 ਫੀਸਦ ਦਾ ਆਰਥਿਕ ਵਿਕਾਸ ਦਰਜ ਕੀਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਜਰਾ
Next articleਮਮਤਾ ਤੇ ਕੇਂਦਰ ਵਿਚਾਲੇ ਟਕਰਾਅ ਹੋਰ ਤਿੱਖਾ ਹੋਇਆ