ਸੰਯੁਕਤ ਰਾਸ਼ਟਰ ਲਈ ਪਾਕਿਸਤਾਨ ਦੇ ਸਥਾਈ ਮਿਸ਼ਨ ਤੇ ਉਸ ਦੇ ਦੂਤਾਵਾਸ ਦੇ ਬਾਹਰ ਵੱਡੀ ਗਿਣਤੀ ’ਚ ਭਾਰਤੀ ਮੂਲ ਦੇ ਅਮਰੀਕੀਆਂ ਨੇ ਪੁਲਵਾਮਾ ’ਚ ਭਾਰਤੀ ਸੁਰੱਖਿਆ ਬਲਾਂ ’ਤੇ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਅਤੇ ਪਾਕਿਸਤਾਨੀ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਤੇ ਉਸ ਦੇ ਆਗੂ ਮਸੂਦ ਅਜ਼ਹਰ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ। ਨਿਊਯਾਰਕ ਤੇ ਨਿਊਜਰਸੀ ਖੇਤਰ ਦੇ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਮੈਨਹਟਨ ਸਥਿਤ ਪਾਕਿਸਤਾਨੀ ਦੂਤਾਵਾਸ ਤੇ ਸਥਾਈ ਮਿਸ਼ਨ ਕੈਂਪਸਾਂ ਦੇ ਬਾਹਰ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਮੁਜ਼ਾਹਰੇ ਦੌਰਾਨ ਲੋਕਾਂ ਨੇ ਭਾਰਤ ਦਾ ਕੌਮੀ ਝੰਡਾ ਵੀ ਫੜਿਆ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਅਤਿਵਾਦੀ ਹਮਲੇ ਲਈ ਨਿਆਂ ਦੀ ਮੰਗ ਕੀਤੀ ਅਤੇ ਕਿਹਾ ਕਿ ਸੀਆਰਪੀਐੱਫ ਦੇ 40 ਜਵਾਨਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕਰਨ ਵਾਲੇ ਅਮਰੀਕਾ-ਭਾਰਤ ਜਨਤਕ ਮਾਮਲਿਆਂ ਬਾਰੇ ਕਮੇਟੀ ਦੇ ਪ੍ਰਧਾਨ ਜਗਦੀਸ਼ ਸੇਵਹਾਨੀ ਨੇ ਕਿਹਾ ਕਿ ਰੋਸ ਮੁਜ਼ਾਹਰੇ ਰਾਹੀਂ ਪਾਕਿਸਤਾਨ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਹੁਣ ਬਹੁਤ ਹੋ ਗਿਆ ਹੈ ਅਤੇ ਇਸ ਵਾਰ ਅਸੀਂ ਭੁੱਲਾਂਗੇ ਨਹੀਂ। ਉਨ੍ਹਾਂ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲਾ ਉਨ੍ਹਾਂ ਪਾਕਿਸਤਾਨੀ ਅਤਿਵਾਦੀਆਂ ਦੇ ‘ਤਾਬੂਤ ’ਚ ਆਖਰੀ ਮੇਖ ਸਾਬਤ’ ਹੋਵੇਗੀ ਜਿਨ੍ਹਾਂ ਪਿਛਲੇ ਕੁਝ ਸਾਲਾਂ ਤੋਂ ਭਾਰਤ ’ਤੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਵੱਲੋਂ ਪੁਲਵਾਮਾ ਹਮਲੇ ਦੀ ਨਿੰਦਾ ਕਰਨ ਵਾਲੇ ਬਿਆਨ ਨਾਲ ਪਾਕਿਸਤਾਨ ਇਕੱਲਾ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਨ ਕਿ ਉਹ ਪਾਕਿਸਤਾਨ ਨਾਲ ਸਾਰੇ ਕੂਟਨੀਤਕ ਰਿਸ਼ਤੇ ਤੋੜ ਦੇਣ ਅਤੇ ਉਸ ਨੂੰ ਉਸੇ ਦੀ ਭਾਸ਼ਾ ’ਚ ਜਵਾਬ ਦੇਣ। ਓਵਰਸੀਜ਼ ਫਰੈਂਡਜ਼ ਆਫ ਭਾਰਤੀ ਜਨਤਾ ਪਾਰਟੀ (ਯੂਐੱਸਏ) ਦੇ ਪ੍ਰਧਾਨ ਕ੍ਰਿਸ਼ਨਾ ਰੈੜੀ ਅਨੁਗੁਲਾ ਨੇ ਕਿਹਾ ਕਿ ਅਮਰੀਕਾ ਦਾ ਭਾਰਤੀ ਭਾਈਚਾਰੇ ਇਸ ਜ਼ਾਲਮਾਨਾ ਹਮਲੇ ਦੀ ਨਿੰਦਾ ਕਰਦਾ ਹੈ।
HOME ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਪਾਕਿਸਤਾਨੀ ਦੂਤਾਵਾਸ ਅੱਗੇ ਮੁਜ਼ਾਹਰਾ