ਵਾਸ਼ਿੰਗਟਨ- ਸੋਧੇ ਗਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਭਾਰਤੀ-ਅਮਰੀਕੀਆਂ ਦੇ ਇਕ ਗੁੱਟ ਨੇ ਇਥੇ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ਇਕੱਠੇ ਹੋ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਗਰੇਟਰ ਵਾਸ਼ਿੰਗਟਨ ਇਲਾਕੇ ਦੇ ਕਰੀਬ 150 ਭਾਰਤੀ-ਅਮਰੀਕੀਆਂ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਭਾਰਤ ਦਾ ਧਰਮਨਿਰਪੱਖ ਢਾਂਚਾ ਖ਼ਤਰੇ ’ਚ ਹੈ। ਉਨ੍ਹਾਂ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰਾਸ਼ਟਰ ਗੀਤ ਵੀ ਗਾਇਆ। ਉਨ੍ਹਾਂ ਨੇ ਹੱਥਾਂ ’ਚ ‘ਨਫ਼ਰਤ ਖ਼ਿਲਾਫ਼ ਇਕਜੁੱਟਤਾ’ ਅਤੇ ‘ਭਾਰਤ ਨੂੰ ਵੰਡਣਾ ਬੰਦ ਕਰੋ’ ਜਿਹੇ ਪੋਸਟਰ ਫੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਮਹਾਤਮਾ ਗਾਂਧੀ ਦੇ ਬੁੱਤ ਦੇ ਆਲੇ-ਦੁਆਲੇ ਘੇਰਾ ਬਣਾਇਆ ਅਤੇ ਦੇਸ਼ਭਗਤੀ ਦੇ ਗੀਤ ਗਾਏ। ਉਨ੍ਹਾਂ ਨਾਗਰਿਕਤਾ ਦੇਣ ’ਚ ਧਰਮ ਨੂੰ ਆਧਾਰ ਬਣਾਏ ਜਾਣ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ। ਪਿਛਲੇ 9 ਦਿਨਾਂ ’ਚ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਕੀਤਾ ਗਿਆ ਇਹ ਤੀਜਾ ਵਿਰੋਧ ਪ੍ਰਦਰਸ਼ਨ ਸੀ। ਜ਼ਿਕਰਯੋਗ ਹੈ ਕਿ ਸੋਧੇ ਗਏ ਨਾਗਰਿਕਤਾ ਕਾਨੂੰਨ ਮੁਤਾਬਕ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਧਾਰਮਿਕ ਤਸ਼ੱਦਦ ਕਾਰਨ 31 ਦਸੰਬਰ 2014 ਤੋਂ ਪਹਿਲਾਂ ਆਏ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ।
World ਭਾਰਤੀ-ਅਮਰੀਕੀਆਂ ਵੱਲੋਂ ਵਾਸ਼ਿੰਗਟਨ ’ਚ ਰੋਸ ਪ੍ਰਦਰਸ਼ਨ