ਭਾਨ ਵਾਂਗ ਖਿੱਲਰੀਆਂ ਸਿਆਸੀ ਪਾਰਟੀਆਂ

– ਸ਼ਾਮ ਸਿੰਘ ਅੰਗ-ਸੰਗ
ਦੇਸ਼ ਭਰ ਵਿੱਚ ਸਿਆਸੀ ਪਾਰਟੀਆਂ ਇੰਜ ਟੁੱਟ-ਭੱਜ ਰਹੀਆਂ ਹਨ, ਜਿਵੇਂ ਭਾਨ ਬਣ ਕੇ ਖਿੱਲਰ ਰਹੀਆਂ ਹੋਣ। ਇਹ ਆਪਣੇ ਆਪ ਨਹੀਂ ਖਿੱਲਰ ਰਹੀਆਂ, ਸਗੋਂ ਇਨ੍ਹਾਂ ਨੂੰ ਆਪਣਿਆਂ ਵੱਲੋਂ ਹੀ ਖਿਲਾਰਿਆ ਜਾ ਰਿਹਾ ਹੈ, ਜਿਸ ਦਾ ਫਾਇਦਾ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਹੋਣ ਲੱਗਾ, ਬਲਕਿ ਦੇਸ ਦੀਆਂ ਦੋ ਮੁੱਖ ਪਾਰਟੀਆਂ ਨੂੰ ਹੀ ਹੋਵੇਗਾ, ਜੋ ਇਨ੍ਹਾਂ ਸਾਰੀਆਂ ਨੂੰ ਮਗਰਮੱਛ ਵਾਂਗ ਹੜੱਪ ਕਰ ਲੈਣਗੀਆਂ। ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ ਅਤੇ ਹੁਣ ਵੀ ਹੋਣ ਤੋਂ ਨਹੀਂ ਟਲੇਗਾ।
1920 ਦਾ ਬਣਿਆ ਅਕਾਲੀ ਦਲ ਅੱਜ ਤੱਕ ਕਈ ਵਾਰ ਟੁੱਟਿਆ, ਭਾਨ ਵਾਂਗ ਖਿੱਲਰਿਆ ਅਤੇ ਇੱਕ ਦਲ ‘ਚੋਂ ਨਿਕਲ ਕੇ ਕਈ ਦਲ ਬਣ ਗਏ ਅਤੇ ਮੁੜ ਕੇ ਏਕਾ ਕਰਨ ਵੱਲ ਨਾ ਮੁੜੇ। ਹੁਣ ਮੁੜ ਦੇਸ ਭਰ ਵਿੱਚ ਅਕਾਲੀ ਦਲ (ਬਾਦਲ) ਵਿਰੁੱਧ ਅਜਿਹੀ ਨਾਂਹ-ਵਾਚਕ ਹਵਾ ਵਗਣ ਲੱਗ ਪਈ ਕਿ ਪਾਰਟੀ ਦੀ ਰਾਜਨੀਤਕ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਕੇ ਰਹਿ ਗਿਆ। ਕਈ ਅਜਿਹੇ ਕਾਰਨ ਹਨ, ਜਿਨ੍ਹਾਂ ਕਰ ਕੇ ਪਾਰਟੀ ਦੇ ਵਿਰੁੱਧ ਲੋਕ-ਮਨਾਂ ਵਿੱਚ ਅੰਤਾਂ ਦੀ ਨਫ਼ਰਤ ਪੈਦਾ ਹੋ ਗਈ। ਮਾਝੇ ਦੇ ਟਕਸਾਲੀ ਆਗੂਆਂ ਨੇ ਨਵਾਂ ਅਕਾਲੀ ਦਲ (ਟਕਸਾਲੀ) ਬਣਾ ਲਿਆ, ਜੋ ਮਾਂ-ਪਾਰਟੀ ਦੇ ਨੇਤਾਵਾਂ ਲਈ ਵੱਡਾ ਖ਼ਤਰਾ ਪੈਦਾ ਕਰਨ ਦੇ ਸਮਰੱਥ ਬਣੇਗਾ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸ਼ਾਇਦ ਇਹ ਸਮਝਦੇ ਹੋਣ ਕਿ ਪਹਿਲਾਂ ਵੀ ਪਾਰਟੀ ਤੋਂ ਵੱਖ ਹੋ ਕੇ ਬਥੇਰੇ ਦਲ ਬਣੇ, ਪਰ ਮਾਂ-ਪਾਰਟੀ ਨੂੰ ਨੁਕਸਾਨ ਨਹੀਂ ਪਹੁੰਚਿਆ। ਇਸ ਵਾਰ ਮਸਲਾ ਨਾਜ਼ਕ ਮਸਲਿਆਂ ਨਾਲ ਜੁੜਿਆ ਹੋਣ ਕਰ ਕੇ ਮੁੱਖ ਅਕਾਲੀ ਦਲ ਨੂੰ ਖ਼ਤਰਿਆਂ ਦਾ ਸਾਹਮਣਾ ਕਰਨਾ ਹੀ ਪਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੰਗਤਾਂ ਦੀਆਂ ਸ਼ਰਧਾ ਭਰੀਆਂ ਭਾਵਨਾਵਾਂ ਨਾਲ ਜੁੜਿਆ ਹੋਣ ਅਤੇ ਗੋਲੀ ਕਾਂਡ ਨਾਲ ਦੋ ਸਿੰਘ ਸ਼ਹੀਦ ਕਰ ਦਿੱਤੇ ਜਾਣ ਕਾਰਨ ਪਾਰਟੀ ਲਈ ਖ਼ਤਰਿਆਂ ਨੂੰ ਜਰਬ ਆਈ ਹੋਈ ਹੈ, ਜੋ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੀ, ਜਿਸ ਕਰ ਕੇ ਨਫ਼ਰਤ ਦੀ ਹਵਾ ਬੰਦ ਹੋਣ ਲਈ ਤਿਆਰ ਹੀ ਨਹੀਂ।
ਨਵੀਂ ਬਣੀ ਪਾਰਟੀ, ਆਮ ਆਦਮੀ ਪਾਰਟੀ, ਪਹਿਲਾਂ ਤਾਂ ਲੋਕਾਂ ਦਾ ਪੂਰਾ ਧਿਆਨ ਖਿੱਚ ਗਈ, ਪਰ ਬਾਅਦ ਵਿੱਚ ਛੇਤੀ ਹੀ ਦੋ-ਫਾੜ ਹੋ ਗਈ। ਲੋਕ ਜਿਸ ਤੇਜ਼ੀ ਨਾਲ ਪਾਰਟੀ ਪ੍ਰਤੀ ਹਮਦਰਦੀ ਰੱਖਣ ਲੱਗ ਪਏ ਸਨ, ਉਸ ਤੋਂ ਵੀ ਵੱਧ ਗਤੀ ਨਾਲ ਇਸ ਪਾਰਟੀ ਤੋਂ ਦੂਰ ਹੋਣ ਲੱਗ ਪਏ। ਪਾਰਟੀ ਦੇ 8 ਵਿਧਾਇਕਾਂ ਦਾ ਧੜਾ ਬਾਗ਼ੀ ਹੋ ਗਿਆ ਅਤੇ ਦਿੱਲੀ ਵਿਚਲੇ ਚੌਧਰੀਆਂ ਨੂੰ ਕੋਸਣ ਲੱਗ ਪਿਆ। ਨਤੀਜਾ ਇਹ ਨਿਕਲਿਆ ਕਿ ਹੋਰਨਾਂ ਨਾਲ ਮਿਲ ਕੇ ਇੱਕ ਨਵਾਂ ਗੱਠਜੋੜ ‘ਪੰਜਾਬ ਡੈਮੋਕਰੈਟਿਕ ਅਲਾਇੰਸ’ ਬਣਾ ਲਿਆ। ਨਵੇਂ ਬਣੇ ਗੱਠਜੋੜ ਵਿੱਚ ਆਪ ਦਾ ਬਾਗ਼ੀ ਧੜਾ, ਲੋਕ ਇਨਸਾਫ਼ ਪਾਰਟੀ, ਯੂਨਾਈਟਿਡ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਡਾ. ਧਰਮਵੀਰ ਗਾਂਧੀ ਦਾ ਧੜਾ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਵੀ ਕੁਝ ਮਤਿਆਂ ਨੂੰ ਲੈ ਕੇ ਵਿਰੋਧ ਪੈਦਾ ਹੋਣਾ ਆਰੰਭ ਹੋ ਗਿਆ, ਜਿਸ ਕਾਰਨ ਜੰਮਦਿਆਂ ਦੇ ਸਿਰਾਂ ‘ਤੇ ਹੀ ਅਹਿਣ ਪੈਣੀ ਸ਼ੁਰੂ ਹੋ ਗਈ। ਇਹ ਗੱਠਜੋੜ ‘ਆਪ’ ਨੂੰ ਨੁਕਸਾਨ ਪਹੁੰਚਾਏਗਾ ਅਤੇ ‘ਆਪ’ ਇਸ ਗੱਠਜੋੜ ਦੇ ਸੁਫ਼ਨਿਆਂ ਨੂੰ ਚਕਨਾਚੂਰ ਕਰਨ ਵਾਸਤੇ ਜ਼ੋਰ-ਅਜ਼ਮਾਈ ਕਰਨ ਤੋਂ ਨਹੀਂ ਹਟੇਗੀ। ਦੋਵਾਂ ਧਿਰਾਂ ਦੇ ਹੱਥ-ਪੱਲੇ ਕੁਝ ਨਹੀਂ ਪੈਣ ਲੱਗਾ, ਸਗੋਂ ਕੇਵਲ ਖ਼ਾਲੀ ਛਣਕਣੇ ਖੜਕਾਉਂਦੇ ਰਹਿ ਜਾਣਗੇ।
ਅਕਾਲੀ ਦਲ ਦੀ ਆਪਸੀ ਖਹਿਬਾਜ਼ੀ ਅਤੇ ਨਵੇਂ ਪੰਜਾਬ ਡੈਮੋਕਰੈਟਿਕ ਗੱਠਜੋੜ ਦੀ ਖਿੱਚੋਤਾਣ ਕਾਂਗਰਸ ਵਾਸਤੇ ਲਾਹੇਵੰਦ ਹੋਣਗੀਆਂ। ਨੇੜੇ ਆ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਰਾਉਣ ਵਾਲੀਆਂ ਪਾਰਟੀਆਂ ਆਪਸ ਵਿੱਚ ਇੱਕ-ਦੂਜੀ ਧਿਰ ਨੂੰ ਹਰਾਉਣ ‘ਤੇ ਤਾਕਤ ਲਾਉਣਗੀਆਂ। ਅਜੇ ਵਕਤ ਪਿਆ ਹੈ, ਜਿਸ ਦੌਰਾਨ ਭਾਨ ਵਾਂਗ ਖਿੱਲਰੀਆਂ ਪਾਰਟੀਆਂ ਨੂੰ ਚਿੰਤਨ-ਮੰਥਨ ਕਰਨਾ ਚਾਹੀਦਾ ਹੈ, ਤਾਂ ਜੁ ਇਸ ਹੋਣ ਵਾਲੇ ਸਿਆਸੀ ਘਾਟੇ ਤੋਂ ਬਚਾਅ ਕਰ ਸਕਣ।
ਕਮਿਊਨਿਸਟ ਪਾਰਟੀ ਆਫ਼ ਇੰਡੀਆ ਹੁਣ ਤੱਕ 16 ਤੋਂ ਵੱਧ ਸਿਆਸੀ ਪਾਰਟੀਆਂ ਵਿੱਚ ਵੰਡ ਹੋ ਕੇ ਆਪਣੀ ਭਾਨ ਇਕੱਠੀ ਕਰਨ ਦੇ ਸਮਰੱਥ ਹੀ ਨਹੀਂ ਰਹੀ। ਜੇ ਅਜੇ ਵੀ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਆਗੂ ਚੌਧਰ ਦੀ ਹਉਮੈ ਤਿਆਗ ਕੇ ਵਿਚਾਰਧਾਰਾ ਦੀ ਚੌਧਰ ਦੀ ਅਗਵਾਈ ਨੂੰ ਮੰਨ ਕੇ ਇਕੱਠੇ ਹੋ ਜਾਣ ਦਾ ਮਨ ਬਣਾ ਲੈਣ ਤਾਂ ਲੋਕ ਇਨ੍ਹਾਂ ਮਗਰ ਤੁਰਨ ਲਈ ਤਿਆਰ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਦੀ ਵਿਚਾਰਧਾਰਾ ਲੋਕ-ਹਿੱਤ ਤੋਂ ਉੱਕਾ ਹੀ ਦੂਰ ਨਹੀਂ। ਦੇਸ ਦੇ ਲੋਕਾਂ ਦੀ ਗ਼ਰੀਬੀ ਦੂਰ ਕਰਨ ਵਾਲੀ ਅਤੇ ਲੋਕਾਂ ਵਿੱਚ ਸਮਾਨਤਾ ਲਿਆਉਣ ਵਾਲੀ ਇਹ ਵਿਚਾਰਧਾਰਾ ਛਾਵੇ ਤਾਂ ਲੋਕ ਸਵਾਗਤ ਕਰਨਗੇ।
ਹਰਿਆਣੇ ਵਿੱਚ ਦੇਵੀ ਲਾਲ, ਓਮ ਪ੍ਰਕਾਸ਼ ਚੌਟਾਲਾ ਦਾ ਪਰਵਾਰ ਫਟਿਆ ਫਿਰਦਾ ਹੈ, ਜਿਸ ਕਾਰਨ ਪਰਵਾਰ ਦੇ ਇੱਕ ਮੈਂਬਰ ਦੁਸ਼ਿਅੰਤ ਚੌਟਾਲਾ ਨੇ ਨਵੀਂ ਜਨਨਾਇਕ ਜਨਤਾ ਪਾਰਟੀ ਬਣਾ ਲਈ, ਜਿਸ ਨਾਲ ਪਾਰਟੀ ਦੋ-ਫਾੜ ਹੋ ਗਈ। ਇਸ ਦਾ ਸਿੱਧਾ ਲਾਹਾ ਭਾਜਪਾ ਜਾਂ ਕਾਂਗਰਸ ਨੂੰ ਪਹੁੰਚੇਗਾ। ਇਨੈਲੋ ਚੋਣਾਂ ਸਮੇਂ ਮਾਰ ਖਾ ਜਾਵੇਗੀ, ਕਿਉਂਕਿ ਇਸ ਵਿੱਚ ਏਕੇ ਦੀ ਸੰਭਾਵਨਾ ਨਹੀਂ। ਅਜਿਹੀ ਹਾਲਤ ਵਿੱਚ ਕਾਂਗਰਸ ਨੂੰ ਹੀ ਫਾਇਦਾ ਹੁੰਦਾ ਲੱਗਦਾ ਹੈ, ਕਿਉਂਕਿ ਰਾਜ ਵਿੱਚ ਭਾਜਪਾ ਦੀ ਹਾਲਤ ਵੀ ਚੰਗੀ ਨਹੀ।
ਉੱਤਰ ਪ੍ਰਦੇਸ਼ ਅੰਦਰ ਵੱਡੀ ਪਾਰਟੀ ਬਣ ਕੇ ਰਾਜ ਵਿੱਚ ਕਈ ਵਾਰ ਸਰਕਾਰ ਬਣਾ ਚੁੱਕੀ ਹੈ, ਪਰ ਹੁਣ ਸਮਾਜਵਾਦੀ ਪਾਰਟੀ ਵੀ ਦੋ-ਫਾੜ ਜਾਂ ਤਿੰਨ-ਫਾੜ ਹੋ ਚੁੱਕੀ ਹੈ, ਜਿਸ ਕਾਰਨ ਪਰਵਾਰਕ ਲੜਾਈ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੀ। ਪਿਉ-ਪੁੱਤਰ, ਚਾਚੇ-ਭਤੀਜੇ ਦੀ ਆਪਸੀ ਖਹਿਬਾਜ਼ੀ ਨੇ ਰਾਜ ਵਿੱਚ ਅਜਿਹਾ ਖਲਲ ਪਾਇਆ ਕਿ ਆਪਣਾ ਹੀ ਰਾਜ-ਭਾਗ ਆਪਣੇ ਹੀ ਹੱਥੀਂ ਗੁਆ ਲਿਆ। ਹਾਂ, ਇਹ ਖ਼ਬਰ ਸੂਬੇ ਲਈ ਜ਼ਰੂਰ ਚੰਗੀ ਹੈ ਕਿ ਐੱਸ ਪੀ ਅਤੇ ਬਸਪਾ ਗੱਠਜੋੜ ਰਾਹੀਂ ਨੇੜੇ ਆ ਰਹੀਆਂ ਹਨ, ਜੋ ਕਾਂਗਰਸ ਅਤੇ ਭਾਜਪਾ ਨੂੰ ਦੂਰ ਰੱਖ ਸਕਣਗੀਆਂ। ਜੇ ਦੋਵੇਂ ਕਾਂਗਰਸ ਵਾਲੇ ਗੱਠਜੋੜ ਵਿੱਚ ਆ ਗਈਆਂ, ਫੇਰ ਸੂਬਾ ਮੌਜੂਦਾ ਹਕੂਮਤ ਤੋਂ ਬਚ ਸਕੇਗਾ।
ਬਿਹਾਰ ਵਿੱਚ ਲਾਲੂ ਪ੍ਰਸਾਦ ਯਾਦਵ ਦਾ ਡੰਕਾ ਵੱਜਦਾ ਸੀ, ਪਰ ਵਾਧੂ ਚਾਰਾ ਖਾਣ ਨਾਲ ਗੱਲ ਵਿਗੜ ਗਈ। ਲਾਲੂ ਤਾਂ ਅਦਾਲਤਾਂ ਦੇ ਚੱਕਰ ਕੱਟ ਰਿਹਾ ਹੈ ਜਾਂ ਫੇਰ ਬੀਮਾਰੀਆਂ ਦਾ ਸ਼ਿਕਾਰ ਹੋ ਗਿਆ, ਪਰ ਉਸ ਦੇ ਪਰਵਾਰ ਵਿੱਚ ਖਾਹਮਖਾਹ ਹੀ ਰੌਲਾ ਪੈ ਗਿਆ, ਜਿਸ ਕਾਰਨ ਰਾਸ਼ਟਰੀ  ਜਨਤਾ ਦਲ ਨੂੰ ਤਾਂ ਘਾਟਾ ਪਵੇਗਾ ਹੀ, ਪਰ ਵਿਰੋਧੀ ਪਾਰਟੀਆਂ ਨੂੰ ਭਾਨ ਵਾਂਗ ਖਿੱਲਰੀ ਲਾਲੂ ਦੀ ਪਾਰਟੀ ਕਾਰਨ ਲਾਹਾ ਮਿਲੇਗਾ। ਲਾਲੂ ਦੇ ਦੋਹਾਂ ਪੁੱਤਰਾਂ ਅਤੇ ਧੀ ਨੂੰ ਆਪਸੀ ਮੱਤਭੇਦ ਦੂਰ ਕਰਨੇ ਪੈਣਗੇ, ਤਾਂ ਹੀ ਪਾਰਟੀ ਬਚੇਗੀ।
ਦੇਸ ਦੀਆਂ ਹੋਰ ਵੀ ਕਈ ਪਾਰਟੀਆਂ ਭਾਨ ਬਣ ਕੇ ਵਕਤ ਦੇ ਹੱਥਾਂ ‘ਚੋਂ ਰੇਤੇ ਵਾਂਗ ਕਿਰਦੀਆਂ ਰਹਿੰਦੀਆਂ ਹਨ, ਜਿਸ ਦਾ ਫਾਇਦਾ ਕਈ ਉਨ੍ਹਾਂ  ਪਾਰਟੀਆਂ ਨੂੰ ਹੋ ਜਾਂਦਾ ਹੈ, ਜਿਹੜੀਆਂ ਸਵਾਰਥੀ ਹੋਣ ਕਾਰਨ ਲੋਕ-ਹਿੱਤਾਂ ਵਿੱਚ ਨਹੀਂ ਸੋਚਦੀਆਂ। ਅਜਿਹਾ ਹੋਣ ‘ਤੇ ਉਹ ਲੋਕ ਠੱਗੇ ਹੋਏ ਮਹਿਸੂਸ ਕਰਦੇ ਹਨ, ਜਿਹੜੇ ਮਾਂ-ਪਾਰਟੀ ਤੋਂ ਜੁਦਾ ਹੋਣ ਵਾਸਤੇ ਤਿਆਰ ਨਹੀਂ ਹੁੰਦੇ। ਪਾਰਟੀਆਂ ‘ਚੋਂ ਨਿੱਤ ਹੀ ਨੇਤਾਵਾਂ ਦਾ
ਕਿਰਦੇ ਰਹਿਣਾ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹੁੰਦਾ, ਕਿਉਂਕਿ ਬਹੁਤਾ ਕਰ ਕੇ ਦਲ-ਬਦਲੀ ਸਵਾਰਥ ਕਰ ਕੇ ਹੁੰਦੀ ਹੈ, ਜਨਤਾ ਦੇ ਵੱਡੇ ਹਿੱਤਾਂ ਕਰ ਕੇ ਨਹੀਂ। ਲੋਕਤੰਤਰ ਵਿੱਚ ਸਿਆਸੀ ਪਾਰਟੀਆਂ ਨੂੰ ਖੁੱਲ੍ਹ ਹੈ ਕਿ ਜਿਵੇਂ ਮਰਜ਼ੀ ਵਿਚਰਨ, ਪਰ ਲੋਕ-ਹਿੱਤਾਂ ਵੱਲ ਪਿੱਠ ਕਰ ਕੇ ਇੱਕ ਵੀ ਕਦਮ ਉਠਾਉਣਾ ਯੋਗ ਨਹੀਂ। ਜਿਹੜੀ ਸਿਆਸੀ ਪਾਰਟੀ ਦੇਸ਼-ਹਿੱਤਾਂ ਅਤੇ ਲੋਕ-ਹੱਕਾਂ ਦਾ ਖ਼ਿਆਲ ਨਹੀਂ ਰੱਖਦੀ, ਉਹ ਜਿਹੜੇ ਮਰਜ਼ੀ ਭੇਸ ਵਿੱਚ ਆਈ ਜਾਵੇ,  ਕਦੇ ਵੀ ਸਫ਼ਲ ਨਹੀਂ ਹੋ ਸਕਦੀ। ਜਿਹੜੀ ਪਾਰਟੀ ਰਾਜ-ਭਾਗ ਵਿੱਚ ਆ ਕੇ ਲੋਕਾਂ ਨੂੰ ਤੰਗ ਕਰਦੀ ਹੈ, ਉਸ ਨੂੰ ਲੋਕ ਪਸੰਦ ਨਹੀਂ ਕਰਦੇ ਅਤੇ ਦੂਜੀ ਵਾਰ ਮੌਕਾ ਦੇਣ ਲਈ ਵੀ ਤਿਆਰ ਨਹੀਂ ਹੁੰਦੇ। ਏਕਾ ਨਾ ਰਹੇ ਤਾਂ ਪਾਰਟੀਆਂ ਨੂੰ ਭਾਨ ਵਾਂਗ ਖਿੱਲਰਨ ਤੋਂ ਰੋਕਿਆ ਜਾਣਾ ਕਿਸੇ ਤਰ੍ਹਾਂ ਵੀ ਆਸਾਨ ਨਹੀਂ ਹੁੰਦਾ।
ਇਨਸਾਫ਼ ‘ਚ ਦੇਰੀ
ਦੇਸ ਦੀ ਸੁਪਰੀਮ ਕੋਰਟ ਅਤੇ ਰਾਜਾਂ ਦੀਆਂ ਹਾਈ ਕੋਰਟਾਂ ਨੂੰ ਕੇਵਲ ਅਪੀਲ ਹੀ ਕੀਤੀ ਜਾ ਸਕਦੀ ਹੈ ਕਿ ਦੇਸ ਭਰ ਦੀਆਂ ਅਦਾਲਤਾਂ ਥੋੜ੍ਹੇ ਸਮੇਂ ਵਿੱਚ ਸਹੀ ਫ਼ੈਸਲੇ ਦੇਣ ਦੇ ਨਿਯਮ ਬਣਾਉਣ ਅਤੇ ਉਨ੍ਹਾਂ ਦੀ ਪਾਲਣਾ ਕਰਨ, ਤਾਂ ਕਿ ਜਨਤਾ ਨੂੰ ਦੇਰ ਤੱਕ ਉਡੀਕਣ ਲਈ ਪ੍ਰੇਸ਼ਾਨ ਨਾ ਹੋਣਾ ਪਵੇ। ਕਿਸੇ ਵੀ ਅਦਾਲਤ ਵੱਲੋਂ ਦੇਰ ਨਾਲ ਫ਼ੈਸਲਾ ਦੇਣ ਨਾਲ ਲੋਕਾਂ ਦਾ ਵਿਸ਼ਵਾਸ ਤਿੜਕ ਜਾਂਦਾ ਹੈ, ਜੋ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਜੱਜ ਥੋੜ੍ਹੇ ਹਨ ਤਾਂ ਹੋਰ ਭਰਤੀ ਕੀਤੇ ਜਾਣ। ਲਮਕਦੀ ਪ੍ਰਕਿਰਿਆ ‘ਤੇ ਕਾਬੂ ਪਾਉਣ ਲਈ ਢੰਗ-ਤਰੀਕੇ ਲੱਭੇ ਜਾਣ, ਤਾਂ ਜੁ ਪੀੜਤਾਂ ਨੂੰ ਸਹੀ, ਸੌਖਿਆਂ ਅਤੇ ਸਸਤੇ ਤਰੀਕੇ ਨਾਲ ਨਿਆਂ ਪ੍ਰਾਪਤ ਹੋ ਸਕੇ। ਅਜਿਹਾ ਹੋਣ ਨਾਲ ਦੇਸ਼ ਦੇ ਨਾਗਰਿਕਾਂ ਦੀ ਪ੍ਰੇਸ਼ਾਨੀ ਵੀ ਘਟਦੀ ਹੈ ਅਤੇ ਪੈਸੇ-ਧੇਲੇ ਦਾ ਖ਼ਰਚਾ ਵੀ। ਚੌਤੀ ਨਾਲ ਬਾਅਦ ਫ਼ੈਸਲਾ ਆਉਣ ‘ਤੇ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ, ਪਰ ਇਹ ਸਵਾਲ ਅਦਾਲਤਾਂ ਨੂੰ ਕੀਤੇ ਨਹੀਂ ਜਾ ਸਕਦੇ। ਅਪੀਲ ਹੀ ਕੀਤੀ ਜਾ ਸਕਦੀ ਹੈ, ਦਲੀਲ ਨਹੀਂ ਦਿੱਤੀ ਜਾ ਸਕਦੀ।
ਲਤੀਫ਼ੇ ਦਾ ਚਿਹਰਾ-ਮੋਹਰਾ
ਇੱਕ ਮੁੰਡਾ ਕੰਨਾਂ ‘ਚ ਰੂੰ ਦੇ ਫੰਬੇ ਦੇ ਕੇ ਬਜ਼ੁਰਗ ਬੰਦੇ ਨੂੰ ਚਿੱਠੀ ਪੜ੍ਹ ਕੇ ਸੁਣਾ ਰਿਹਾ
ਸੀ। ਕੋਲੋਂ ਲੰਘਦੇ ਹੋਰ ਬੰਦੇ ਨੂੰ ਦੇਖ ਕੇ ਹੈਰਾਨੀ ਹੋਈ। ਉਸ ਨੇ ਪੁੱਛਿਆ, ‘ਕਾਕਾ, ਕੰਨਾਂ ‘ਚ ਰੂੰ ਦੇ ਕੇ ਚਿੱਠੀ ਕਿਉਂ ਪੜ੍ਹ ਰਿਹਾਂ?’

‘ਹੋਰ ਕੀ ਕਰਾਂ ਜੀ, ਇਹ ਬੰਦਾ ਅਨਪੜ੍ਹ ਹੈ ਅਤੇ ਇਹ ਚੰਗਾ ਤਾਂ ਨਹੀਂ ਕਿ ਕਿਸੇ ਦੀਆਂ ਜ਼ਾਤੀ ਗੱਲਾਂ ਸੁਣੀਆਂ ਜਾਣ।’
—–
ਚੰਦੂ ਬਾਣੀਆਂ : ਬੇਟਾ, ਗਰੀਬਾਂ ਦੇ ਮਕਾਨ ਕੱਚੇ ਹਨ ਇਨ੍ਹਾਂ ਦੇ ਲਾਭ ਦੱਸੋ।”
ਬਬਲੂ- “ਇਹ ਸਰਦੀਆਂ ‘ਚ ਗਰਮ ਅਤੇ ਗਰਮੀਆਂ ‘ਚ ਠੰਡੇ ਰਹਿੰਦੇ ਹਨ – ਹੋਰ…।”
ਚੰਦੂ- “ਹੋਰ ਕੀ ਬੇਟਾ?”
ਲੱਲੂ,- “ਬਰਸਾਤਾਂ ਵਿਚ ਗਰੀਬਾਂ ਦੇ ਉੱਪਰ ਡਿੱਗ ਪੈਂਦੇ ਹਨ।”
——
ਪੇਂਡੂ ਸ਼ਹਿਰ ਗਿਆ, ਖੜ੍ਹਾ ਦੇਖੀ ਜਾਵੇ।

ਦੁਕਾਨਦਾਰ ਸਬਜ਼ੀਆਂ ‘ਤੇ ਪਾਣੀ ਛਿੜਕੀ ਜਾਵੇ। ਜਦੋਂ ਕਾਫੀ ਦੇਰ ਹੋ ਗਈ ਤਾਂ ਪੇਂਡੂ ਨੇ ਸਬਜ਼ੀ ਵਾਲੇ ਨੂੰ ਕਿਹਾ :
“ਜੇਕਰ ਕੱਦੂਆਂ ਨੂੰ ਹੋਸ਼ ਆ ਗਿਆ ਹੋਵੇ ਤਾਂ ਦੋ ਕਿੱਲੋ ਮੈਨੂੰ ਵੀ ਦੇ ਦਿਓ।”

Previous articleਕਨੇਡਾ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਕੱਟੜਤਾ ਦੇ ਸ਼ਬਦ ਵਰਤਣਾ ਤੱਥਾਂ ਤੋਂ ਹੀਣਾ – ਘੁੰਮਣ
Next articleRescue heroes given £1 million for life-saving equipment