ਭਾਜਪਾ ਸਰਕਾਰ ਲੋਕਾਂ ਖਿਲਾਫ਼ ਵਰਤ ਰਹੀ ਹੈ ਸੀਏਏ, ਐੱਨਆਰਸੀ ਤੇ ਐੱਨਪੀਆਰ ਦਾ ਤ੍ਰਿਸ਼ੂਲ: ਕਰਾਤ

ਸੀਪੀਆਈ (ਐੱਮ) ਦੀ ਆਗੂ ਬਰਿੰਦਾ ਕਰਾਤ ਨੇ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਚੋਰ ਛਿੱਪੇ ਲਾਗੂ ਕਰਨ ਵਰਗੀਆਂ ਕੇਂਦਰ ਦੀਆਂ ਕੋਸ਼ਿਸ਼ਾਂ ਦਾ ਸਖਤ ਵਿਰੋਧ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਲੋਕਾਂ ਉੱਤੇ ਇਨ੍ਹਾਂ ਦੇ ‘ਤ੍ਰਿਸ਼ੂਲ’ ਨਾਲ ਹਮਲੇ ਕਰ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਅਤੇ ਕੌਮੀ ਆਬਾਦੀ ਰਜਿਸਟਰ (ਐੱਨਪੀਆਰ) ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ। ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਹੈ ਕਿ ਐੱਨਪੀਆਰ, ਐੱਨਆਰਸੀ ਵੱਲ ਹੀ ਇੱਕ ਕਦਮ ਹੈ। ਦੱਖਣੀ ਮੁੰਬਈ ਵਿੱਚ ਆਲ ਇੰਡੀਆ ਡੈਮੋਕਰੇਟਿਕ ਵਿਮੈਨਜ਼ ਐਸੋਸੀਏਸ਼ਨ ਦੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਰਿੰਤਾ ਕਰਾਤ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਲੋਕਾਂ ਦੇ ਦਿਲ ਨੂੰ ਮਾਰਨ ਲਈ ਸੀਏਏ, ਐੱਨਆਰਸੀ ਅਤੇ ਐੱਨਪੀਆਰ ਦੇ ਤ੍ਰਿਸ਼ੂਲ ਦੀ ਵਰਤੋਂ ਕਰ ਰਹੀ ਹੈ। ਸਰਕਾਰ ਸੰਵਿਧਾਨ ਨੂੰ ਨਹੀਂ ਮੰਨ ਰਹੀ। ਇਸ ਸਰਕਾਰ ਨੂੰ ਦੇਸ਼ ਵਿੱਚ ਔਰਤਾਂ ਦੀ ਹਾਲਤ ਬਾਰੇ ਕੁੱਝ ਪਤਾ ਨਹੀਂ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ‘ਝੂਠ ਦੀਆਂ ਦੁਕਾਨਾਂ’ ਖੋਲ੍ਹ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾਂ 93 ਔਰਤਾਂ ਨਾਲ ਬਲਾਤਕਾਰ ਹੁੰਦਾ ਹੈ। ਇਨ੍ਹਾਂ ’ਚ ਤੀਜਾ ਹਿੱਸਾ ਲੜਕੀਆਂ ਨਾਬਾਲਗ ਹੁੰਦੀਆਂ ਹਨ ਪਰ ਅਜਿਹੇ ਮਾਮਲਿਆਂ ਵਿੱਚ ਸਜ਼ਾ ਦੀ ਦਰ ਸਿਰਫ ਚਾਰ ਫੀਸਦੀ ਹੈ।

Previous articleਕਜ਼ਾਖ਼ਸਤਾਨ ’ਚ ਹਵਾਈ ਜਹਾਜ਼ ਡਿੱਗਿਆ, 12 ਮੌਤਾਂ
Next articleUN Green Climate Fund approves 1st project for N.Korea