ਭਾਜਪਾ ਸਰਕਾਰ ਦਾ ਮਕਸਦ ਮੰਡੀ ਨੂੰ ਬਰਬਾਦ ਕਰਨਾ: ਰਾਹੁਲ

ਤਿਰੂਵਨੰਤਪੁਰਮ (ਸਮਾਜ ਵੀਕਲੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅੱਜ ਕੇਂਦਰ ’ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਸਰਕਾਰ ਦਾ ਮਕਸਦ ਮੰਡੀਆਂ ਨੂੰ ਬਰਬਾਦ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਉਸ ਦੀ ਫ਼ਸਲ ਦਾ ਲਾਹੇਵੰਦ ਭਾਅ ਨਹੀਂ ਦੇ ਰਹੀ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ 22 ਦਿਨ ਦੀ ਐਸ਼ਵਿਰਆ ਯਾਤਰਾ ’ਤੇ ਹਨ। ਇੱਥੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲੇ ਦੋ ਖੇਤੀ ਕਾਨੂੰਨ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਤਬਾਹ ਕਰਨ ਵਾਲੇ ਹਨ, ਜਦੋਂਕਿ ਤੀਜੇ ਕਾਨੂੰਨ ਵਿੱਚ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੈ।

ਉਨ੍ਹਾਂ ਦੋਸ਼ ਲਾਇਆ, ‘‘ਪਹਿਲਾ ਕਾਨੂੰਨ ਕਿਸਾਨਾਂ ਦੀਆਂ ਮੰਡੀਆਂ ਨੂੰ ਤਬਾਹ ਕਰਦਾ ਹੈ। ਦੂਜਾ ਅਮੀਰਾਂ ਨੂੰ ਵੱਧ ਤੋਂ ਵੱਧ ਅਨਾਜ ਭੰਡਾਰਨ ਅਤੇ ਅਸੀਮਤ ਜਮ੍ਹਾਂਖੋਰੀ ਦੀ ਇਜਾਜ਼ਤ ਦਿੰਦਾ ਹੈ। ਇਹ ਦੋਵੇਂ ਕਾਨੂੰਨ ਧਨਾਢਾਂ ਨੂੰ ਅਨਾਜ ਅਤੇ ਸਬਜ਼ੀਆਂ ਦੀਆਂ ਕੀਮਤਾਂ ਆਪਣੇ ਅਧਿਕਾਰ ਹੇਠ ਰੱਖਣ ਦੀ ਇਜਾਜ਼ਤ ਦਿੰਦੇ ਹਨ।’’ ਉਨ੍ਹਾਂ ਕਿਹਾ, ‘‘ਸਰਕਾਰ ਦਾ ਸਿਰਫ਼ ਇੱਕ ਮਕਸਦ ਹੈ: ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਲਾਹਵੰਦ ਭਾਅ ਨਾ ਦੇਣਾ।’’

Previous articleਕਾਨੂੰਨ ਵਾਪਸ ਨਾ ਲਏ ਤਾਂ ਸੰਸਦ ਦਾ ਘਿਰਾਓ ਕਰਨਗੇ ਕਿਸਾਨ: ਟਿਕੈਤ
Next articleਕਿਸਾਨਾਂ ਨੇ ਦਿੱਲੀ ਪੁਲੀਸ ਵੱਲੋਂ ਲਾਏ ਪੋਸਟਰਾਂ ਦਾ ਵਿਰੋਧ ਕੀਤਾ