ਬੰਗਲੌਰ/ਨਵੀਂ ਦਿੱਲੀ: ਭਾਜਪਾ ਆਗੂਆਂ ਨੇ ਅੱਜ ਇਥੇ ਸੂਬਾ ਪ੍ਰਧਾਨ ਬੀ ਐਸ ਯੇਡੀਯੁਰੱਪਾ ਦੀ ਅਗਵਾਈ ਹੇਠ ਕਰਨਾਟਕ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਕੇ ਮੰਗ ਕੀਤੀ ਕਿ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਅਹੁਦੇ ਤੋਂ ਅਸਤੀਫ਼ਾ ਦੇਵੇ ਕਿਉਂਕਿ ਹੁਕਮਰਾਨ ਕਾਂਗਰਸ-ਜਨਤਾ ਦਲ (ਐਸ) ਗਠਜੋੜ ਦੇ 14 ਵਿਧਾਇਕਾਂ ਵੱਲੋਂ ਅਸਤੀਫ਼ੇ ਦਿੱਤੇ ਜਾਣ ਨਾਲ ਉਨ੍ਹਾਂ ਦੀ ਅਗਵਾਈ ਹੇਠਲੀ ਸਰਕਾਰ ਬਹੁਮਤ ਗੁਆ ਚੁੱਕੀ ਹੈ। ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ਕੀਤੇ ਪ੍ਰਦਰਸ਼ਨ ’ਚ ਸਾਬਕਾ ਉਪ ਮੁੱਖ ਮੰਤਰੀ ਕੇ ਐਸ ਈਸ਼ਵਰੱਪਾ ਅਤੇ ਹੋਰ ਆਗੂ ਹਾਜ਼ਰ ਸਨ। ਬਾਅਦ ’ਚ ਯੇਡੀਯੁਰੱਪਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਦਾ ਵਫ਼ਦ ਰਾਜਪਾਲ ਵਜੂਭਾਈ ਵਾਲਾ ਨੂੰ ਰਾਜ ਭਵਨ ’ਚ ਮਿਲਿਆ ਅਤੇ ਮੰਗ ਪੱਤਰ ਸੌਂਪ ਕੇ ਬੇਨਤੀ ਕੀਤੀ ਕਿ ਉਹ ਸਪੀਕਰ ਨੂੰ ਆਖਣ ਕੇ ਵਿਧਾਇਕਾਂ ਦੇ ਅਸਤੀਫ਼ੇ ਤੁਰੰਤ ਸਵੀਕਾਰੇ ਜਾਣ। ਇਸ ਦੌਰਾਨ ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਰਨਾਟਕ ਦੇ ਰਾਜਪਾਲ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਕੇਗੀ। ਉਨ੍ਹਾਂ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਕਿ ਕਰਨਾਟਕ ’ਚ ਮੌਜੂਦਾ ਸੰਕਟ ਲਈ ਭਾਜਪਾ ਜ਼ਿੰਮੇਵਾਰ ਹੈ। ਇਸ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਵੱਲੋ ਰਾਜ ਸਭਾ ’ਚ ਹੰਗਾਮਾ ਕਰਨ ਲਈ ਉਨ੍ਹਾਂ ਦੀ ਕਰੜੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਰਨਾਟਕ ’ਚ ਕਾਂਗਰਸ ਪਾਰਟੀ ਆਪਣੀਆਂ ਅੰਦਰੂਨੀ ਮੁਸ਼ਕਲਾਂ ਦਾ ਮੁੱਦਾ ਉਭਾਰ ਕੇ ਰਾਜ ਸਭਾ ਨੂੰ ਚਲਣ ਨਹੀਂ ਦੇ ਰਹੀ ਹੈ।
INDIA ਭਾਜਪਾ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ, ਰਾਜਪਾਲ ਨੂੰ ਮੰਗ ਪੱਤਰ ਸੌਂਪਿਆ