ਭਾਜਪਾ ਵੱਲੋਂ ਫ਼ਤਵੇ ਦੀ ਦੁਰਵਰਤੋਂ ਖ਼ਤਰਨਾਕ: ਸੋਨੀਆ

ਮੁਲਕ ’ਚ ਆਰਥਿਕ ਹਾਲਾਤ ਬਦ ਤੋਂ ਬਦਤਰ: ਮਨਮੋਹਨ ਸਿੰਘ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁਲਕ ਦੀ ਖ਼ਰਾਬ ਆਰਥਿਕ ਹਾਲਤ ’ਤੇ ਫਿਕਰ ਜਤਾਉਂਦਿਆਂ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਫ਼ਤਵੇ ਦੀ ਬੜੇ ਖ਼ਤਰਨਾਕ ਢੰਗ ਨਾਲ ਦੁਰਵਰਤੋਂ ਕਰ ਰਹੀ ਹੈ। ਸੀਨੀਅਰ ਕਾਂਗਰਸ ਆਗੂਆਂ ਦੀ ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਮੁਲਕ ’ਚ ਆਰਥਿਕ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸੂਤਰਾਂ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਪਾਰਟੀ ਦਫ਼ਤਰ ’ਤੇ ਕਾਂਗਰਸ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਕਾਂਗਰਸ ਦੇ ਨਿਸ਼ਚੇ ਅਤੇ ਸੰਜਮ ਦਾ ਇਮਤਿਹਾਨ ਲੈ ਰਹੀ ਸੀ ਪਰ ਹੁਣ ਉਸ ਨੂੰ ਭਾਜਪਾ ਦਾ ਪਰਦਾਫਾਸ਼ ਕਰਨ ਲਈ ਰੋਸ ਪ੍ਰਦਰਸ਼ਨਾਂ ਰਾਹੀਂ ਲੋਕਾਂ ਤਕ ਪਹੁੰਚ ਬਣਾਉਣੀ ਚਾਹੀਦੀ ਹੈ। ਸੋਨੀਆ ਗਾਂਧੀ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਸਬੰਧੀ ਸਮਾਗਮਾਂ ਨੂੰ ਅੰਤਿਮ ਰੂਪ ਦੇਣ ਲਈ ਸੀਨੀਅਰ ਆਗੂਆਂ ਦੀ ਦਿੱਲੀ ’ਚ ਮੀਟਿੰਗ ਹੋਈ।

ਬੈਠਕ ’ਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹਾਜ਼ਰ ਨਹੀਂ ਸਨ। ਸੋਨੀਆ ਗਾਂਧੀ ਨੇ ਮੁਲਕ ਦੀ ਆਰਥਿਕ ਹਾਲਤ ’ਤੇ ਫਿਕਰ ਜਤਾਉਂਦਿਆਂ ਕਿਹਾ ਕਿ ਘਾਟਾ ਲਗਾਤਾਰ ਵੱਧ ਰਿਹਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਡੋਲ ਗਿਆ ਹੈ। ਉਨ੍ਹਾਂ ਦੋਸ਼ ਲਾਇਆ,‘‘ਆਰਥਿਕ ਮੋਰਚੇ ਤੋਂ ਧਿਆਨ ਵੰਡਾਉਣ ਲਈ ਸਰਕਾਰ ਬਦਲਾਖੋਰੀ ਦੀ ਸਿਆਸਤ ’ਚ ਰੁੱਝੀ ਹੋਈ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਮਹਾਤਮਾ ਗਾਂਧੀ, ਸਰਦਾਰ ਵੱਲਭਭਾਈ ਪਟੇਲ ਅਤੇ ਬੀ ਆਰ ਅੰਬੇਡਕਰ ਜਿਹੇ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਸੁਨੇਹਿਆਂ ਨੂੰ ਆਪਣੇ ਨਾਪਾਕ ਏਜੰਡੇ ਦੀ ਪੂਰਤੀ ਲਈ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ।ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਰਥਿਕ ਮੰਦੀ ਵਰਗੇ ਹਾਲਾਤ ’ਤੇ ਫਿਕਰ ਜਤਾਈ ਅਤੇ ਕਿਹਾ ਕਿ ਅਰਥਚਾਰਾ ਬਦ ਤੋਂ ਬਦਤਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਦਾ ਗਿਆਨ ਨਹੀਂ ਹੈ ਅਤੇ ਰੁਜ਼ਗਾਰ ਦੇ ਖੇਤਰ ’ਚ ਹਾਲਾਤ ਹੋਰ ਵਿਗੜ ਸਕਦੇ ਹਨ। ਮੀਟਿੰਗ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪੁੱਡੂਚੇਰੀ ਦੇ ਮੁੱਖ ਮੰਤਰੀ ਵੀ ਨਰਾਇਣਸਾਮੀ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ, ਏ ਕੇ ਐਂਟਨੀ, ਕੇ ਸੀ ਵੇਣੂਗੋਪਾਲ, ਮਲਿਕਾਰਜੁਨ ਖੜਗੇ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਹਾਜ਼ਰ ਸਨ।

Previous articleਪ੍ਰਧਾਨ ਮੰਤਰੀ ਵੱਲੋਂ ਤਿੰਨ ਨਵੀਆਂ ਪੈਨਸ਼ਨ ਸਕੀਮਾਂ ਦਾ ਐਲਾਨ
Next articleਹੜ੍ਹਾਂ ਨਾਲ ਤਬਾਹੀ: ਪੰਜਾਬ ਨੇ ਕੇਂਦਰ ਤੋਂ 1216 ਕਰੋੜ ਰੁਪਏ ਮੰਗੇ