ਪ੍ਰਧਾਨ ਮੰਤਰੀ ਵੱਲੋਂ ਤਿੰਨ ਨਵੀਆਂ ਪੈਨਸ਼ਨ ਸਕੀਮਾਂ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਂਚੀ ਦੀ ਆਪਣੀ ਇੱਕ ਰੋਜ਼ਾ ਯਾਤਰਾ ਦੌਰਾਨ ਝਾਰਖੰਡ ’ਚ ਨਵੇਂ ਬਣੇ ਵਿਧਾਨ ਸਭਾ ਭਵਨ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਤਿੰਨ ਵੱਡੀਆਂ ਯੋਜਨਾਵਾਂ ਸ਼ੁਰੂ ਕੀਤੀਆਂ। ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ’ਚ ਕਰਵਾਏ ਸਮਾਗਮ ’ਚ ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਮਾਣ ਧਨ ਯੋਜਨਾ, ਪ੍ਰਚੂਨ ਵਪਾਰਕ ਤੇ ਸਵੈ-ਰੁਜ਼ਗਾਰ ਪੈਨਸ਼ਨ ਯੋਜਨਾ ਤੇ ਏਕਲਵਯ ਮਾਡਲ ਸਕੂਲ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਾਢੇ ਗਿਆਰਾਂ ਵਜੇ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਪਹੁੰਚੇ। ਪ੍ਰਧਾਨ ਮੰਤਰੀ ਨੇ ਝਾਰਖੰਡ ਵਿਧਾਨ ਸਭਾ ਦੇ ਨਵੇਂ ਭਵਨ ਤੇ ਸਾਹਿਬਗੰਜ ’ਚ ਮਲਟੀਮਾਡਲ ਬੰਦਰਗਾਹ ਦਾ ਉਦਘਾਟਨ ਕੀਤਾ। ਉਨ੍ਹਾਂ 1238 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਝਾਰਖੰਡ ਸਕੱਤਰੇਤ ਦੇ ਨਵੇਂ ਭਵਨ ਦਾ ਵੀ ਨੀਂਹ ਪੱਥਰ ਰੱਖਿਆ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਲਟੀ ਮਾਡਲ ਟਰਮੀਨਲ ਨਾਲ ਇਸ ਖੇਤਰ ’ਚ ਤਕਰੀਬਨ 600 ਲੋਕਾਂ ਨੂੰ ਸਿੱਧੇ ਅਤੇ ਤਕਰੀਬਨ 3000 ਲੋਕਾਂ ਨੂੰ ਅਸਿੱਧੇ ਤੌਰ ’ਤੇ ਰੁਜ਼ਗਾਰ ਮਿਲੇਗਾ। ਸੂਬੇ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਕਿਹਾ ਕਿ ਕਿਸਾਨਾਂ ਦੇ ਜੀਵਨ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਮਹੀਨਾਵਾਰ ਪੈਨਸ਼ਨ ਦੇ ਰੂਪ ’ਚ ਪ੍ਰਧਾਨ ਮੰਤਰੀ ਕਿਸਾਨ ਮਾਣ ਧਨ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਰਜਿਸਟਰਡ ਹੋਣ ਵਾਲੇ 18 ਤੋਂ 40 ਸਾਲ ਤੱਕ ਦੇ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ’ਤੇ 3000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪ੍ਰਚੂਨ ਵਪਾਰਕ ਤੇ ਸਵੈ-ਰੁਜ਼ਗਾਰ ਪੈਨਸ਼ਨ ਯੋਜਨਾ ਤਹਿਤ ਪ੍ਰਚੂਨ ਵਪਾਰੀਆਂ ਤੇ ਦੁਕਾਨਦਾਰਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ’ਤੇ 3000 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਬਾਇਲੀ ਇਲਾਕਿਆਂ ’ਚ 462 ਏਕਲਵਯ ਮਾਡਲ ਸਕੂਲਾਂ ਦਾ ਆਨਲਾਈਨ ਨੀਂਹ ਪੱਥਰ ਰੱਖਿਆ। ਇਨ੍ਹਾਂ ’ਚੋਂ ਝਾਰਖੰਡ ਦੇ 13 ਜ਼ਿਲ੍ਹਿਆਂ ’ਚ 69 ਸਕੂਲ ਖੋਲ੍ਹੇ ਜਾ ਰਹੇ ਹਨ।

Previous articleਜੈਸ਼ ਦੇ ਤਿੰਨ ਦਹਿਸ਼ਤਗਰਦ ਹਥਿਆਰਾਂ ਸਮੇਤ ਕਾਬੂ
Next articleਭਾਜਪਾ ਵੱਲੋਂ ਫ਼ਤਵੇ ਦੀ ਦੁਰਵਰਤੋਂ ਖ਼ਤਰਨਾਕ: ਸੋਨੀਆ