ਭਾਜਪਾ ਪ੍ਰਧਾਨ ’ਤੇ ਹਮਲਾ ਮੈਂ ਕਰਵਾਇਆ: ਬਿੱਟੂ

ਮਾਛੀਵਾੜਾ (ਸਮਾਜ ਵੀਕਲੀ): ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ’ਚ ਨਿੱਤਰਦਿਆਂ ਕਿਹਾ ਕਿ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਜੋ ਹਮਲਾ ਹੋਇਆ ਉਸਦੀ ਜ਼ਿੰਮੇਵਾਰੀ ਉਹ ਲੈਂਦੇ ਹਨ, ਇਸ ਲਈ ਕਿਸਾਨਾਂ ’ਤੇ ਪਰਚਾ ਦਰਜ ਕਰਨ ਦੀ ਥਾਂ ਬੇਸ਼ੱਕ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕਰਵਾ ਦਿੱਤੀ ਜਾਵੇ।

ਉਹ ਅੱਜ ਮਾਛੀਵਾੜਾ ਵਿੱਚ ਆਪਣੇ ਨਾਨਾ ਡੋਗਰ ਸਿੰਘ ਕੂੰਨਰ ਦੇ ਸਸਕਾਰ ਮੌਕੇ ਆਏ ਸਨ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ’ਚ ਖੇਤੀਬਾੜੀ ਬਿੱਲਾਂ ਖ਼ਿਲਾਫ਼  ਰੋਸ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਭਾਜਪਾ ਪ੍ਰਧਾਨ ’ਤੇ ਹਮਲਾ ਹੋਇਆ। ਇੱਕ ਪਾਸੇ ਤਾਂ ਕਿਸਾਨ ਆਪਣੇ ਹੱਕਾਂ ਲਈ ਰੇਲ ਪਟੜੀਆਂ, ਸੜਕਾਂ ’ਤੇ ਧਰਨਾ ਲਗਾ ਰਹੇ ਹਨ ਅਤੇ ਦੂਜੇ ਪਾਸੇ ਭਾਜਪਾ ਆਗੂ ਉਨ੍ਹਾਂ ਕੋਲੋਂ ਹੂਟਰ ਮਾਰਦਿਆਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਅੱਗੇ ਵੀ ਜੇਕਰ ਕਿਸੇ ਭਾਜਪਾ ਆਗੂ ’ਤੇ ਅਜਿਹੀ ਹਰਕਤ ਕਰਨ ਮਗਰੋਂ ਹਮਲਾ ਹੁੰਦਾ ਹੈ ਤਾਂ ਉਸ ਲਈ ਵੀ ਜ਼ਿੰਮੇਵਾਰ ਰਵਨੀਤ ਸਿੰਘ ਬਿੱਟੂ ਹੋਵੇਗਾ।

ਕੇਂਦਰੀ ਸਰਕਾਰ ’ਚ ਹਰਦੀਪ ਸਿੰਘ ਪੁਰੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਨੂੰ ਪੰਜਾਬ ਦਾ ਸਿੱਖ ਕਹਾਉਂਦੇ ਹਨ ਪਰ ਉਨ੍ਹਾਂ ਪੰਜਾਬ ਤੇ ਕਿਸਾਨਾਂ ਦੇ ਹਿੱਤਾਂ ਲਈ ਇੱਕ ਵਾਰ ਵੀ ਅਵਾਜ਼ ਬੁਲੰਦ ਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਜਪਾ ਆਗੂ ਇੱਥੋਂ ਦੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਨਮਕ ਛਿੜਕਣ ਦੀ ਬਜਾਇ ਦਿੱਲੀ ਜਾ ਕੇ ਆਪਣੇ ਹਾਈਕਮਾਂਡ ਆਗੂਆਂ ’ਤੇ ਖੇਤੀਬਾੜੀ ਆਰਡੀਨੈਂਸ ਰੱਦ ਕਰਨ ਲਈ ਦਬਾਅ ਬਣਾਉਣ।

Previous articleਮੁਲਤਾਨੀ ਕੇਸ: ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਸ਼ਿਕਾਇਤਕਰਤਾ ਨੂੰ ਨੋਟਿਸ
Next articleਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਤੇਜ਼