ਨਵੀਂ ਦਿੱਲੀ (ਸਮਾਜ ਵੀਕਲੀ) : ਭਾਜਪਾ ਆਗੂਆਂ ਦਾ ਇਕ ਵਫ਼ਦ ਅੱਜ ਇੱਥੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਿਆ ਤੇ ਟੀਐਮਸੀ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਹੋਏ ਹਮਲੇ ਦੀ ਆਜ਼ਾਦ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਟੀਐਮਸੀ ਵਫ਼ਦ ਨੇ ਵੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਭਾਜਪਾ ਦੇ ਵਫ਼ਦ ਵਿਚ ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਪਾਰਟੀ ਜਨਰਲ ਸਕੱਤਰ ਭੁਪੇਂਦਰ ਯਾਦਵ ਤੋਂ ਇਲਾਵਾ ਸੰਬਿਤ ਪਾਤਰਾ ਤੇ ਸਵਪਨ ਦਾਸਗੁਪਤਾ ਵੀ ਸਨ।
ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਯਾਦਵ ਨੇ ਕਿਹਾ ਕਿ ਭਾਜਪਾ ਨੇ 10 ਮਾਰਚ ਨੂੰ ਵਾਪਰੀ ਘਟਨਾ ਦੀ ਆਜ਼ਾਦ ਜਾਂਚ ਮੰਗੀ ਹੈ। ਭਾਜਪਾ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਬੈਨਰਜੀ ਦੀ ਰੈਲੀ ਦੀ ਵੀਡੀਓ ਜਨਤਕ ਕੀਤੀ ਜਾਵੇ ਜਿਸ ਵਿਚ ਉਸ ਦੇ ਸੱਟ ਲੱਗੀ। ਭਾਜਪਾ ਆਗੂ ਨੇ ਕਿਹਾ ਕਿ ਇਕ ਵਾਰ ਜਦ ਉਮੀਦਵਾਰ ਨਾਮਜ਼ਦਗੀ ਭਰ ਦਿੰਦਾ ਹੈ ਤਾਂ ਚੋਣ ਕਮਿਸ਼ਨ ਉਸ ਦੇ ਲੋਕਾਂ ਨਾਲ ਤਾਲਮੇਲ ਦਾ ਵੀਡੀਓ ਰਿਕਾਰਡ ਰੱਖਦਾ ਹੈ। ਪਾਰਟੀ ਨੇ ਮੰਗ ਕੀਤੀ ਕਿ ਨੰਦੀਗ੍ਰਾਮ ਹਲਕੇ ਲਈ ਵਿਸ਼ੇਸ਼ ਨਿਗਰਾਨ ਲਾਏ ਜਾਣ। ਨੰਦੀਗ੍ਰਾਮ ਤੋਂ ਹੀ ਬੈਨਰਜੀ ਆਪਣੇ ਪੁਰਾਣੇ ਸਾਥੀ ਤੇ ਹੁਣ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਵਿਰੁੱਧ ਚੋਣ ਲੜ ਰਹੀ ਹੈ।