ਹਰਿਆਣਾ ਦੇ ਬਜਟ ’ਚ ਖੇਤੀ, ਸਿੱਖਿਆ ਤੇ ਸਿਹਤ ਨੂੰ ਤਰਜੀਹ

ਚੰਡੀਗੜ੍ਹ (ਸਮਾਜ ਵੀਕਲੀ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਤੌਰ ਵਿੱਤ ਮੰਤਰੀ ਅੱਜ ਗੱਠਜੋੜ ਸਰਕਾਰ ਦੇ ਵਿੱਤੀ ਵਰ੍ਹੇ 2021-22 ਦਾ ਬਜਟ ਪੇਸ਼ ਕੀਤਾ। ਇਹ ਬਜਟ 1,55,645 ਕਰੋੜ ਰੁਪਏ ਦਾ ਹੈ ਜੋ ਪਿਛਲੇ ਸਾਲ 2020-21 ਦੇ 1,37,738 ਕਰੋੜ ਰੁਪਏ ਮੁਕਾਬਲੇ 13 ਫ਼ੀਸਦ ਵੱਧ ਹੈ। ਹਰਿਆਣਾ ਸਰਕਾਰ ਨੇ ਕੋਈ ਨਵਾਂ ਟੈਕਸ ਨਾ ਲਾਉਂਦਿਆਂ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਲੁਭਾਉਣ ਲਈ ਖੇਤੀ ਖੇਤਰ ਲਈ 6110 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਹ ਰਕਮ ਸਾਲ 2020-21 ਮੁਕਾਬਲੇ 5052 ਕਰੋੜ ਰੁਪਏ (20.9 ਫ਼ੀਸਦ) ਵੱਧ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ‘ਕਿਸਾਨ ਮਿੱਤਰ ਯੋਜਨਾ’ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਇਸ ਯੋਜਨਾ ਤਹਿਤ ਬੈਂਕਾਂ ਦੀ ਭਾਈਵਾਲੀ ਨਾਲ ਸੂਬੇ ਵਿੱਚ ਇਕ ਹਜ਼ਾਰ ਕਿਸਾਨ ਏਟੀਐੱਮ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਲ 2020 ਦੀ ਹਾੜੀ ਵਿੱਚ ਗੜ੍ਹਿਆਂ ਕਾਰਨ ਭਿਵਾਨੀ, ਹਿਸਾਰ, ਮਹਿੰਦਰਗੜ੍ਹ, ਨੂੰਹ, ਰਿਵਾੜੀ, ਰੋਹਤਕ, ਸਿਰਸਾ ਅਤੇ ਚਰਖੀ ਦਾਦਰੀ ਵਿੱਚ ਖਰਾਬ ਹੋਈ ਫ਼ਸਲ ਲਈ 115.18 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਲਈ ਰੱਖੇ ਗਏ ਹਨ।

ਸਿਹਤ ਅਤੇ ਤੰਦਰੁਸਤੀ ਲਈ 7731 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜੋ ਪਿਛਲੇ ਸਾਲ ਮੁਕਾਬਲੇ 20.22 ਫ਼ੀਸਦ ਵੱਧ ਹੈ। ਸਿੱਖਿਆ ਦੇ ਖੇਤਰ ਲਈ 18,410 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਜੋ ਪਿਛਲੇ ਸਾਲ 15,629 ਕਰੋੜ ਰੁਪਏ ਦੇ ਮੁਕਾਬਲੇ 17.8 ਫ਼ੀਸਦ ਵੱਧ ਹੈ। ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਮੁਫ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ 50 ਹਜ਼ਾਰ ਨੌਜਵਾਨਾਂ ਨੂੰ ਨਿੱਜੀ ਖੇਤਰ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਵਾਰ ਭਾਰਤ ’ਚ ਹੋਣ ਵਾਲੀਆਂ ਖੇਲੋ ਇੰਡੀਆ ਖੇਡਾਂ-2021 ਦੀ ਮੇਜ਼ਬਾਨੀ ਹਰਿਆਣਾ ਕਰੇਗਾ ਜਦਕਿ ਸੂਬਾ ਸਰਕਾਰ ਨੇ ਪੁਲੀਸ ਵਿੱਚ ਔਰਤਾਂ ਦੀ ਗਿਣਤੀ 8.9 ਫ਼ੀਸਦ ਤੋਂ ਵਧਾ ਕੇ 15 ਫ਼ੀਸਦ ਕਰਨ ਦਾ ਫ਼ੈਸਲਾ ਕੀਤਾ ਹੈ।

Previous articleਪੈਦਲ ਯਾਤਰਾ ਕਰਨ ਜਾ ਰਹੇ ਕਾਂਗਰਸ ਵਰਕਰ ਹਿਰਾਸਤ ’ਚ ਲਏ
Next articleਭਾਜਪਾ ਨੇ ਮਮਤਾ ਦੇ ਫੱਟੜ ਹੋਣ ਦੇ ਮਾਮਲੇ ਦੀ ਜਾਂਚ ਮੰਗੀ