ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ‘ਸੀਏਏ’ ਨੂੰ ਹਰ ਕੀਮਤ ’ਤੇ ਲਾਗੂ ਕਰਨ ਦੇ ਦਿੱਤੇ ਧਮਕੀ ਭਰੇ ਬਿਆਨ ਨੂੰ ਕਰਾਰੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਇਸ ਜ਼ਿੱਦੀ ਤੇ ਅੜੀਅਲ ਰਵੱਈਏ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ। ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਇਕ ਚੁਣੀ ਹੋਈ ਸਰਕਾਰ, ਜੋ ਆਪਣੇ ਲੋਕਾਂ ਦੀ ਆਵਾਜ਼ ਸੁਣਨ ਤੋਂ ਮੁਨਕਰ ਹੋਵੇ, ਵਿਸ਼ਵਾਸ ਗਵਾਉਣ ਅਤੇ ਡਿੱਗਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਸੀਏਏ ਬਾਰੇ ਭਾਜਪਾ ਦਾ ਰੁਖ਼ ਖ਼ਤਰਨਾਕ ਫ਼ਾਸ਼ੀਵਾਦ ਪਹੁੰਚ ਵਾਲਾ ਹੈ, ਜਿਹੜਾ ਪਾਰਟੀ ਨੂੰ ਲੈ ਡਿੱਗੇਗਾ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਫੁੱਟਪਾਊ ਕਾਨੂੰਨ ਨੂੰ ਪੰਜਾਬ ਵਿੱਚ ਹਰਗਿਜ਼ ਲਾਗੂ ਨਹੀਂ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸੂਬਾ ਸਰਕਾਰ ਨੂੰ ਇਹ ਕਾਨੂੰਨ ਲਾਗੂ ਕਰਨ ਲਈ ਮਜਬੂਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਾਕਿਸਤਾਨ ਵਿੱਚ ਸਿੱਖਾਂ ਵਾਂਗ ਹੋਰਨਾਂ ਮੁਲਕਾਂ ਵਿੱਚ ਪੀੜਤ ਘੱਟਗਿਣਤੀਆਂ ਨੂੰ ਨਾਗਰਿਕਤਾ ਦੇਣ ਦੇ ਖ਼ਿਲਾਫ਼ ਨਹੀਂ ਹੈ। ਮੁਸਲਮਾਨਾਂ ਸਮੇਤ ਕੁਝ ਹੋਰਨਾਂ ਧਾਰਮਿਕ ਘੱਟਗਿਣਤੀਆਂ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਕਰ ਕੇ ਉਹ (ਕਾਂਗਰਸ) ਸੀਏਏ ਦੇ ਵਿਰੋਧੀ ਹਨ। ਕੈਪਟਨ ਨੇ ਕਿਹਾ ਕਿ ਸਿਵਰਾਜ਼ ਚੌਹਾਨ ਹੋਰਨਾਂ ਭਾਜਪਾ ਆਗੂਆਂ ਵਾਂਗ ਸੀਏਏ ਦੇ ਮਾੜੇ ਪ੍ਰਭਾਵਾਂ ਤੋਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਚੌਹਾਨ ਨੂੰ ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਕਿ ਉਹ ਕੀ ਕਹਿ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੇ ਇਸ ਕਾਨੂੰਨ ਦਾ ਅਧਿਐਨ ਕਰਨ ਦੀ ਖੇਚਲ ਕੀਤੀ ਹੈ। ਕੈਪਟਨ ਨੇ ਕਿਹਾ ਕਿ ਭਾਰਤ ਦੇ ਲੋਕ ਉਹ ਕੁਝ ਦੇਖ ਰਹੇ ਹਨ, ਜੋ ਸ਼ਾਇਦ ਚੌਹਾਨ ਦੇਖਣ ਵਿੱਚ ਅਸਫਲ ਹਨ। ਉਨ੍ਹਾਂ ਕਿਹਾ ਕਿ ਸੀਏਏ ਸੱਤਾਧਾਰੀ ਭਾਜਪਾ ਅਤੇ ਇਸ ਦੇ ਆਗੂਆਂ ਲਈ ਹਉਮੈ ਦਾ ਮੁੱਦਾ ਬਣ ਗਿਆ ਹੈ।
HOME ‘ਭਾਜਪਾ ਨੂੰ ਸੀਏਏ ’ਤੇ ਜਿ਼ੱਦ ਦੀ ਵੱਡੀ ਕੀਮਤ ਤਾਰਨੀ ਪਵੇਗੀ’