ਲਖਨਊ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਰੇਲਵੇ ’ਚ ਨੌਕਰੀ ਪਾਉਣ ਦੇ ਚਾਹਵਾਨਾਂ ਵਿੱਚ ਪਾਈ ਜਾ ਰਹੀ ਬੇਚੈਨੀ ਦਰਮਿਆਨ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਸੌੜੀ ਮਾਨਸਿਕਤਾ ਨੌਜਵਾਨਾਂ ਨੂੰ ‘ਪਕੌੜੇ’ ਵੇਚਣ ਲਈ ਮਜਬੂਰ ਕਰ ਰਹੀ ਹੈ। ਹਿੰਦੀ ਵਿੱਚ ਕੀਤੇ ਟਵੀਟ ’ਚ ਮਾਇਆਵਤੀ ਨੇ ਕਿਹਾ, ‘‘ਪਹਿਲਾਂ ਯੂਪੀਟੀਐੱਨਟੀ ਤੇ ਹੁੁਣ ਰੇਲਵੇ ਦੇ ਆਰਆਰਬੀ-ਐੱਨਟੀਪੀਸੀ ਨਤੀਜੇ ਨੂੰ ਲੈ ਕੇ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਹੰਗਾਮਾ ਜਾਰੀ ਹੈ। ਇਹ ਸਰਕਾਰਾਂ ਦੀ ਨਾਕਾਮੀ ਦਾ ਸਬੂਤ ਹੈ। ਗਰੀਬ ਨੌਜਵਾਨਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ ਨਾਲ ਇੰਜ ਖੇਡਣਾ ਤੇ ਵਿਰੋਧ ਕਰਨ ’ਤੇ ਉਨ੍ਹਾਂ ਦੀ ਮਾਰਕੁੱਟ ਪੂਰੀ ਤਰ੍ਹਾਂ ਗੈਰਵਾਜਬ ਹੈ।’’
ਇਕ ਹੋਰ ਟਵੀਟ ’ਚ ਬਸਪਾ ਮੁਖੀ ਨੇ ਕਿਹਾ, ‘‘ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਗਰੀਬੀ ਤੇ ਬੇਰੁਜ਼ਗਾਰੀ ਸਿਖਰ ’ਤੇ ਪੁੱਜ ਗਈ ਹੈ। ਸਰਕਾਰੀ ਨੌਕਰੀ ਤੇ ਉਨ੍ਹਾਂ ਵਿੱਚ ਰਾਖਵਾਂਕਰਨ ਦੀ ਸਹੂਲਤ ਨੂੰ ਪਿੱਛੇ ਪਾਇਆ ਜਾ ਰਿਹੈ। ਅਜਿਹੇ ਵਿੱਚ ਸਾਲਾਂ ਤੋਂ ਛੋਟੀਆਂ ਸਰਕਾਰੀ ਨੌਕਰੀਆਂ ਲਈ ਪ੍ਰੀਖਿਆ ਵੀ ਸਹੀ ਤਰੀਕੇ ਨਾਲ ਨਾ ਹੋਣਾ ਅਨਿਆਂ ਹੈ। ਭਾਜਪਾ ਨੂੰ ਨੌਜਵਾਨਾਂ ਨੂੰ ‘ਪਕੌੜੇ’ ਵੇਚਣ ਲਈ ਮਜਬੂਰ ਕਰਨ ਵਾਲੀ ਆਪਣੀ ਸੌੜੀ ਮਾਨਸਿਕਤਾ ਨੂੰ ਬਦਲਣਾ ਚਾਹੀਦਾ ਹੈ।’’ ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨੇ ਸਾਲ 2018 ਵਿੱਚ ਇਕ ਟੀਵੀ ਖ਼ਬਰ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਸੀ ਕਿ ਪਕੌੜੇ ਵੇਚਣਾ ਵੀ ਰੁਜ਼ਗਾਰ ਦਾ ਇਕ ਰੂਪ ਹੈ ਤੇ ਇਸ ਨੂੰ ‘ਨੌਕਰੀਆਂ ਸਿਰਜਣ’ ਦੇ ਨੁਕਤੇ ਨਜ਼ਰ ਤੋਂ ਵੇਖਣਾ ਚਾਹੀਦਾ ਹੈ। ਰੇਲਵੇ ਨੇ ਲੰਘੇ ਦਿਨ ਗੈਰ ਤਕਨੀਕੀ ਮਕਬੂਲ ਸ਼੍ਰੇਣੀਆਂ (ਐੱਨਟੀਪੀਸੀ) ਤੇ ਲੈਵਲ ਇਕ ਦੀ ਪ੍ਰੀਖਿਆਵਾਂ ਨੂੰ ਅਮਲ ਵਿੱਚ ਕਥਿਤ ਬੇਨੇਮੀਆਂ ਦੇ ਹਵਾਲੇ ਨਾਲ ਕੁਝ ਰਾਜਾਂ ਵਿੱਚ ਨੌਜਵਾਨਾਂ ਵੱਲੋਂ ਕੀਤੀ ਹੁੱਲੜਬਾਜ਼ੀ ਕਰਕੇ ਮੁਲਤਵੀ ਕਰ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly