ਜਲੰਧਰ/ਨਵਾਂ ਸ਼ਹਿਰ (ਸਮਾਜ ਵੀਕਲੀ) : ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਕੱਢੀ ਜਾਣ ਵਾਲੀ ‘ਦਲਿਤ ਇਨਸਾਫ਼ ਯਾਤਰਾ’ ਜਲੰਧਰ ਪੁਲੀਸ ਨੇ ਸ਼ੁਰੂ ਹੋਣ ਮੌਕੇ ਹੀ ਰੋਕ ਲਈ ਜਦਕਿ ਨਵਾਂਸ਼ਹਿਰ ’ਚ ਭਾਜਪਾ ਆਗੂਆਂ ਤੇ ਸੰਘਰਸ਼ੀ ਕਿਸਾਨਾਂ ਵਿਚਾਲੇ ਟਰਕਾਅ ਹੁੰਦੇ ਹੋਏ ਬਚਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਅੱਜ ਜਲੰਧਰ ’ਚੋਂ ਕੱਢੀ ਜਾਣ ਵਾਲੀ ‘ਦਲਿਤ ਇਨਸਾਫ਼ ਯਾਤਰਾ’ ਨੂੰ ਪੰਜਾਬ ਪੁਲੀਸ ਨੇ ਸ਼ੁਰੂ ਹੋਣ ਵਾਲੀ ਥਾਂ ਸੂਰਿਆ ਐਨਕਲੇਵ ’ਤੇ ਹੀ ਰੋਕ ਲਿਆ। ਪੁਲੀਸ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਐੱਸਸੀ ਮੋਰਚਾ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਅਤੇ ਭਾਜਪਾ ਦੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬੱਸਾਂ ’ਚ ਬਿਠਾ ਕੇ ਸਰਕਟ ਹਾਊਸ ਲੈ ਗਈ। ਉਥੇ ਵੀ ਪਾਰਟੀ ਆਗੂ ਧਰਨੇ ’ਤੇ ਬੈਠ ਗਏ ਤੇ ਪੁਲੀਸ ਨੇ ਉਨ੍ਹਾਂ ਨੂੰ ਬਿਨਾਂ ਕੁਝ ਕਹੇ ਛੱਡ ਦਿੱਤਾ।
ਦਲਿਤ ਇਨਸਾਫ਼ ਯਾਤਰਾ ਨੂੰ ਹਰੀ ਝੰਡੀ ਦੇਣ ਲਈ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਹੋਏ ਸਨ। ਹੋਰ ਆਗੂਆਂ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਐੱਸਸੀ ਮੋਰਚਾ ਦੇ ਸੂਬਾਈ ਪ੍ਰਧਾਨ ਰਾਜ ਕੁਮਾਰ ਅਟਵਾਲ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਆਦਿ ਸ਼ਾਮਲ ਸਨ। ਇਨ੍ਹਾਂ ਸਾਰੇ ਆਗੂਆਂ ਨੇ ਪੰਜਾਬ ਵਿਚ ਹੋਏ 64 ਕਰੋੜ ਦੇ ਪੋਸਟ ਮੈਟ੍ਰਿਕ ਘੁਟਾਲੇ ਤੇ ਜਲਾਲਾਬਾਦ ਵਿਚ ਦਲਿਤ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਦੀ ਘਟਨਾ ਨੂੰ ਆਪਣੇ ਸੰਬੋਧਨ ਦਾ ਹਿੱਸਾ ਬਣਾਇਆ। ਸਰਕਟ ਹਾਊਸ ਵਿੱਚ ਧਰਨੇ ’ਤੇ ਬੈਠੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਵਰਕਰ ਕਾਂਗਰਸ ਸਰਕਾਰ ਦੇ ਦਬਾਅ ਹੇਠ ਆ ਕੇ ਨਹੀਂ ਰੁਕਣਗੇ ਸਗੋਂ ਦਲਿਤਾਂ ਦੇ ਹੱਕਾਂ ਲਈ ਲੜਾਈ ਜਾਰੀ ਰੱਖਣਗੇ।
ਇਸੇ ਤਰ੍ਹਾਂ ਨਵਾਂਸ਼ਹਿਰ ’ਚ ਅੱਜ ਭਾਜਪਾ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਹਾਰ ਪਾਉਣ ਦੇ ਮੁੱਦੇ ਉੱਤੇ ਕਿਸਾਨਾਂ ਅਤੇ ਭਾਜਪਾ ਵਰਕਰਾਂ ਦਰਮਿਆਨ ਹੋਣ ਵਾਲਾ ਟਕਰਾਅ ਪੁਲੀਸ ਦੇ ਦਖਲ ਕਾਰਨ ਰੁਕ ਗਿਆ। ਭਾਜਪਾ ਦੀ ਦਲਿਤ ਇਨਸਾਫ਼ ਯਾਤਰਾ ਦਾ ਵਿਰੋਧ ਕਰਨ ਲਈ ਕਿਸਾਨਾਂ ਨੇ ਪਹਿਲਾਂ ਹੀ ਡਾ. ਅੰਬੇਡਕਰ ਦੇ ਬੁੱਤ ਨੇੜੇ ਧਰਨਾ ਮਾਰਿਆ ਹੋਇਆ ਸੀ। ਵਿਜੈ ਸਾਂਪਲਾ ਅਤੇ ਸੋਮ ਪ੍ਰਕਾਸ਼ ਦੀ ਅਗਵਾਈ ਵਾਲੀ ਯਾਤਰਾ ਦੇ ਰੱਦ ਹੋਣ ਦਾ ਪਤਾ ਲੱਗਣ ਉੱਤੇ ਜਿਉਂ ਹੀ ਇੱਥੇ ਜੁੜੇ ਭਾਜਪਾ ਦੇ ਸਥਾਨਕ ਆਗੂਆਂ ਵਲੋਂ ਡਾ. ਅੰਬੇਡਕਰ ਦੇ ਬੁੱਤ ’ਤੇ ਹਾਰ ਪਾਉਣ ਦੇ ਯਤਨ ਕੀਤੇ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਰੋਕ ਦਿੱਤਾ।
ਭਾਜਪਾ ਦਾ ਜ਼ਿਲ੍ਹਾ ਜਨਰਲ ਸਕੱਤਰ ਜੀਵਨ ਕੁਮਾਰ ਡਾ. ਅੰਬੇਡਕਰ ਦੇ ਬੁੱਤ ਕੋਲ ਗਿਆ ਤਾਂ ਗੁੱਸੇ ’ਚ ਆਏ ਕਿਸਾਨਾਂ ਨੇ ਉਸ ਨੂੰ ਖਿੱਚ ਕੇ ਥੱਲੇ ਉਤਾਰ ਦਿੱਤਾ। ਇਸ ਖਿੱਚ ਧੂਹ ਦੌਰਾਨ ਜੀਵਨ ਕੁਮਾਰ ਦੀ ਕਮੀਜ਼ ਵੀ ਫੱਟ ਗਈ। ਗੱਲ ਵਧਦੀ ਦੇਖ ਕੇ ਪੁਲੀਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ ਅਤੇ ਖਿੱਚ ਧੂਹ ਦੌਰਾਨ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਪੂਨਮ ਮਾਣਕ ਅਤੇ ਅਸ਼ਵਨੀ ਬਲੱਗਣ ਦੇ ਸੱਟਾਂ ਲੱਗ ਗਈਆਂ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਨੇ 15 ਦੇ ਕਰੀਬ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਆਖਿਆ ਕਿ ਭਾਜਪਾ ਨੂੰ ਦਲਿਤ ਇਨਸਾਫ ਯਾਤਰਾ ਕੱਢਣ ਅਤੇ ਡਾ. ਅੰਬੇਡਕਰ ਦੇ ਬੁੱਤ ਨੂੰ ਹਾਰ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਭਾਜਪਾ ਸਰਕਾਰ ਦਲਿਤਾਂ ਦੀ ਰੱਖਿਆ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉੱਧਰ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਪੂਨਮ ਮਾਣਕ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਡਾ. ਅੰਬੇਡਕਰ ਦੇ ਬੁੱਤ ਨੂੰ ਹਾਰ ਪਾਉਣ ਦਾ ਹੱਕ ਹੈ, ਕਿਸਾਨਾਂ ਦਾ ਵਿਰੋਧ ਜਾਇਜ਼ ਨਹੀਂ ਹੈ। ਉਨ੍ਹਾਂ ਪੁਲੀਸ ’ਤੇ ਭਾਜਪਾ ਵਰਕਰਾਂ ਨਾਲ ਵਧੀਕੀ ਕਰਨ ਦਾ ਦੋਸ਼ ਵੀ ਲਗਾਇਆ।