ਦੋ ਬੱਚਿਆਂ ਸਮੇਤ ਚਾਰ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ

ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) : ਇਥੋਂ ਦੇ ਸੈਸ਼ਨ ਜੱਜ ਅਰੁਨਵੀਰ ਵਸਿਸ਼ਟ ਦੀ ਅਦਾਲਤ ਨੇ ਪਤਨੀ, ਦੋ ਮਾਸੂਮ ਬੱਚਿਆਂ ਅਤੇ ਆਪਣੀ ਪ੍ਰੇਮਿਕਾ ਦੇ ਪਤੀ ਨੂੰ ਕਤਲ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਫਾਂਸੀ ਜਦੋਕਿ ਉਸ ਦੀ ਪ੍ਰੇਮਿਕਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਿੰਡ ਅਟਾਰੀ ਦੇ ਰਹਿਣ ਵਾਲੇ ਪਲਵਿੰਦਰ ਸਿੰਘ, ਜੋ ਸਾਦੀਸ਼ੁਦਾ ਸੀ ਤੇ ਦੋ ਬੱਚਿਆਂ ਦਾ ਪਿਤਾ ਸੀ, ਦੇ ਕਰਮਜੀਤ ਕੌਰ ਨਾਲ ਨਾਜਾਇਜ਼ ਸਬੰਧ ਸਨ। ਸਬੰਧਾਂ ਕਾਰਨ ਦੋਹਾਂ ਨੇ ਆਪੋ-ਆਪਣੇ ਪਰਿਵਾਰਾਂ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ।

ਸਾਜ਼ਿਸ਼ ਅਧੀਨ ਪਲਵਿੰਦਰ ਸਿੰਘ ਆਪਣੀ ਪਤਨੀ ਸਰਬਜੀਤ ਕੌਰ (40), ਬੇਟੀ ਗਗਨਦੀਪ ਕੌਰ (6), ਬੇਟੇ ਜਸ਼ਨਪ੍ਰੀਤ ਸਿੰਘ (4) ਸਾਲ ਅਤੇ ਕਰਮਜੀਤ ਕੌਰ ਦੇ ਪਤੀ ਨਿਰਮਲ ਸਿੰਘ ਨੂੰ 19 ਮਾਰਚ 2016 ਨੂੰ ਆਪਣੀ ਮਾਰੂਤੀ ਕਾਰ ਵਿੱਚ ਬਿਠਾ ਕੇ ਸ਼ਹਿਰ ਵੱਲ ਆ ਰਿਹਾ ਸੀ। ਇਸ ਦੌਰਾਨ ਊਸ ਨੇ ਰਾਹ ਵਿੱਚ ਪੈਂਦੀ ਗੰਗਕਨਾਲ ਵਿੱਚ ਕਾਰ ਡੇਗ ਦਿੱਤੀ ਤੇ ਖ਼ੁਦ ਤੈਰ ਕੇ ਬਾਹਰ ਆ ਗਿਆ। ਉਸ ਨੇ ਇਸ ਘਟਨਾ ਨੂੰ ਆਮ ਹਾਦਸਾ ਦਰਸਾ ਦਿੱਤਾ। ਬਾਅਦ ਵਿੱਚ ਪਲਵਿੰਦਰ ਸਿੰਘ ਅਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਲਿਆ ਤੇ ਅਦਾਲਤ ਦੇ ਹੁਕਮਾਂ ਨਾਲ ਨਿੱਜੀ ਸੁਰੱਖਿਆ ਵੀ ਲੈ ਲਈ

। ਕੁਝ ਸਮੇਂ ਬਾਅਦ ਪਲਵਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਦੇ ਰਿਸ਼ਤੇਦਾਰ ਮੇਹਰ ਸਿੰਘ, ਗੁਰਨਿਸ਼ਾਨ ਸਿੰਘ ਅਤੇ ਸੂਰਤ ਸਿੰਘ ਨੇ ਪੁਲੀਸ ਨੂੰ ਹਕੀਕਤ ਤੋਂ ਜਾਣੂ ਕਰਾਇਆ ਤਾਂ ਪਲਵਿੰਦਰ ਸਿੰਘ ਅਤੇ ਕਰਮਜੀਤ ਕੌਰ ਖ਼ਿਲਾਫ਼ ਥਾਣਾ ਸਦਰ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਅਦਾਲਤ ਵਿੱਚ ਸਰਕਾਰੀ ਧਿਰ ਦੇ ਵਕੀਲ ਡੀਏ ਨਵਦੀਪ ਗਿਰਧਰ ਅਤੇ ਮੁਦੱਈ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਸਾਜ਼ਿਸ਼ ਤਹਿਤ 4 ਜਣਿਆਂ ਦਾ ਕਤਲ ਕੀਤਾ ਹੈ।

ਕਤਲ ਤੋ ਪਹਿਲਾਂ ਮਈ ਤੇ ਜੂਨ 2015 ਵਿੱਚ ਸਰਬਜੀਤ ਕੌਰ ਅਤੇ ਨਿਰਮਲ ਸਿੰਘ ਦਾ ਜੀਵਨ ਬੀਮਾ ਕਰਵਾਇਆ ਗਿਆ ਸੀ, ਜਿਸ ਵਿੱਚ ਐਕਸੀਡੈਂਟਲ ਮੌਤ ਦੀ ਮੱਦ ਵੀ ਸ਼ਾਮਲ ਸੀ। ਘਟਨਾ ਤੋਂ ਬਾਅਦ ਪਲਵਿੰਦਰ ਸਿੰਘ ਨੇ ਇਹ ਕਾਰ ਕਬਾੜੀਏ ਨੂੰ ਵੇਚ ਕੇ ਨਸ਼ਟ ਕਰਵਾ ਦਿੱਤੀ ਸੀ, ਪਰ ਪੇਸ਼ ਕੀਤੇ ਗਏ ਸਬੂਤਾਂ ਤੇ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਇਸ ਜੁਰਮ ਨੂੰ ਗੰਭੀਰਤਾ ਨਾਲ ਲੈਦਿਆਂ ਪਲਵਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਅਤੇ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ।

Previous articleਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ
Next articleਜਲ ਸੈਨਾ ਦੇ ਮਿਸ਼ਨ ’ਤੇ ਜਾਵੇਗਾ ਮਹਿਲਾ ਪਾਇਲਟਾਂ ਦਾ ਪਹਿਲਾ ਬੈਚ