ਭਾਜਪਾ ਦੇ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਚੋਣ ਪ੍ਰਚਾਰ ਦੌਰਾਨ ਇਕ ਅਪਾਹਜ ਵਿਅਕਤੀ ਨੂੰ ਮਦਦ ਵਜੋਂ ਪੰਜ ਸੌ ਰੁਪਏ ਦੇਣਾ ਮਹਿੰਗਾ ਪਿਆ। ਇਸ ਸਬੰਧ ਵਿਚ ਜ਼ਿਲ੍ਹਾ ਚੋਣ ਅਥਾਰਟੀ ਵਲੋਂ ਸ੍ਰੀ ਪੁਰੀ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਸ੍ਰੀ ਪੁਰੀ ਨੇ ਇਸ ਦੇ ਜਵਾਬ ਵਿਚ ਆਖਿਆ ਕਿ ਉਨ੍ਹਾਂ ਅਪਾਹਜ ਵਿਅਕਤੀ ਨੂੰ ਮਦਦ ਵਜੋਂ ਇਹ ਪੈਸੇ ਦਿੱਤੇ ਹਨ , ਨਾ ਕਿ ਚੋਣ ਦੇ ਮੰਤਵ ਨਾਲ। ਉਨ੍ਹਾਂ ਅੱਜ ਸਵੇਰੇ ਇਥੇ ਗੋਲਬਾਗ ਵਿੱਚ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਆਪਣੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਲਕਸ਼ਮੀ ਪੁਰੀ, ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਪੁਰੀ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਭੇਜੇ ਗਏ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਸੜਕ ਕੰਢੇ ਬੈਠਾ ਇਹ ਅਪਾਹਜ ਵਿਅਕਤੀ ਲੋਕਾਂ ਕੋਲੋਂ ਮਦਦ ਮੰਗ ਰਿਹਾ ਸੀ, ਜਿਸ ਨੂੰ ਉਨ੍ਹਾਂ ਸਿਰਫ ਮਦਦ ਵਜੋਂ ਹੀ ਪੰਜ ਸੌ ਰੁਪਏ ਦਿੱਤੇ ਸਨ। ਉਨ੍ਹਾਂ ਲੋਕਾਂ ਨੂੰ ਆਖਿਆ ਕਿ ਉਹ ਬੇਗਾਨੇ ਨਹੀਂ ਹਨ, ਸਗੋਂ ਅੰਮ੍ਰਿਤਸਰ ਵਾਸੀਆਂ ਦੇ ਆਪਣੇ ਹਨ। ਉਹ ਕਈ ਵਰ੍ਹਿਆਂ ਤੋਂ ਅੰਮ੍ਰਿਤਸਰ ਆ ਰਹੇ ਹਨ ਅਤੇ ਉਸ ਵੇਲੇ ਕਾਂਗਰਸੀ ਉਮੀਦਵਾਰ ਲੋਕ ਸਭਾ ਮੈਂਬਰ ਵੀ ਨਹੀਂ ਸੀ। ਜ਼ਿਕਰਯੋਗ ਹੈ ਕਿ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਹੋਰਨਾਂ ਵਲੋਂ ਸ੍ਰੀ ਪੁਰੀ ਨੂੰ ਬਾਹਰੀ ਉਮੀਦਵਾਰ ਆਖਿਆ ਜਾ ਰਿਹਾ ਹੈ। ਗੋਲਬਾਗ ਵਿਚ ਕਈ ਲੋਕਾਂ ਨੇ ਉਨ੍ਹਾਂ ਨਾਲ ਸੈਲਫੀਆਂ ਵੀ ਖਿਚਵਾਈਆਂ ਅਤੇ ਵੋਟ ਦੇਣ ਦਾ ਭਰੋਸਾ ਦਿੱਤਾ। ਸ੍ਰੀ ਪੁਰੀ ਨੇ ਮਗਰੋਂ ਪਿੰਡ ਮੂਧਲ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ।
INDIA ਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ ਨੋਟਿਸ