ਸ੍ਰੀਨਗਰ (ਸਮਾਜਵੀਕਲੀ) : ਜੰਮੂ ਤੇ ਕਸ਼ਮੀਰ ਪੁਲੀਸ ਨੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਸੀਨੀਅਰ ਭਾਜਪਾ ਆਗੂ, ਊਸ ਦੇ ਪਿਤਾ ਤੇ ਭਰਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਪਿੱਛੇ ਲਸ਼ਕਰ-ਏ-ਤੋਇਬਾ ਦਾ ਹੱਥ ਦੱਸਿਆ ਹੈ।
ਕਸ਼ਮੀਰ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਬੁੱਧਵਾਰ ਨੂੰ ਹੋਏ ਇਸ ਹਮਲੇ ਨੂੰ ਲਸ਼ਕਰ-ਏ-ਤੋਇਬਾ ਨੇ ਅੰਜਾਮ ਦਿੱਤਾ ਹੈ। ਭਾਜਪਾ ਆਗੂ ਵਸੀਮ ਬਾਰੀ(27), ਉਸ ਦੇ ਪਿਤਾ ਬਸ਼ੀਰ ਅਹਿਮਦ ਤੇ ਭਰਾ ਸ਼ੇਖ਼ ਉਮਰ ਦੀ ਬੁੱਧਵਾਰ ਨੂੰ ਬਾਂਦੀਪੋਰਾ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲੇ ਮੌਕੇ ਭਾਜਪਾ ਆਗੂ ਨੂੰ ਦਿੱਤੇ 10 ਸੁਰੱਖਿਆ ਕਰਮੀ ਮੌਜੂਦ ਨਹੀਂ ਸਨ।
ਇਨ੍ਹਾਂ ਸੁਰੱਖਿਆ ਕਰਮੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਕੁਮਾਰ ਨੇ ਕਿਹਾ ਕਿ ਹਮਲਾਵਰਾਂ ’ਚੋਂ ਇਕ ਪਾਕਿਸਤਾਨੀ ਨਾਗਰਿਕ ਹੈ ਜਦੋਂਕਿ ਦੂਜਾ ਮੁਕਾਮੀ ਬਾਸ਼ਿੰਦਾ ਹੈ। ਦੋਵਾਂ ਦੀ ਪਛਾਣ ਹੋ ਗਈ ਹੈ। ਹਮਲੇ ਦੀ ਜ਼ਿੰਮੇਵਾਰੀ ਦਿ ਰਜ਼ਿਸਟੈਂਸ ਫਰੰਟ ਨੇ ਲਈ ਹੈ।