(ਸਮਾਜ ਵੀਕਲੀ)
ਹਰ ਮਨੁੱਖ ਦੀ ਇਹ ਦਿਲੀ ਭਾਵਨਾ ਹੁੰਦੀ ਹੈ ਕਿ ਹੀਰ ਜ਼ਰੂਰ ਜੰਮੇ, ਪਰ ਜੰਮੇ ਕਿਸੇ ਹੋਰ ਦੇ, ਉਹ ਇਸ ਕਰਕੇ ਕਿ ਉਹ ਰਾਂਝਾ ਬਣਕੇ ਉਸ ਦੇ ਹੱਥਾਂ ਦੀ ਚੂਰੀ ਖਾਵੇ। ਉਸ ਦੀ ਇੱਛਾ ਇਹ ਵੀ ਹੁੰਦੀ ਹੈ ਕਿ ਹੀਰ ਦੇ ਬਾਪ ਦੀਆਂ ਮੱਝਾਂ ਕੋਈ ਹੋਰ ਚਾਰੇ, ਪਰ ਬੇਲਿਆਂ ਵਿੱਚ ਬੰਸਰੀ ਉਹ ਹੀਰ ਦੇ ਪੱਟ ਉੱਤੇ ਸਿਰ ਰੱਖ ਕੇ ਆਪ ਵਜਾਏ।
ਮਨੁੱਖ ਦੇ ਅੰਦਰ ਇਛਾਵਾਂ ਤਾਂ ਬਹੁਤ ਹੁੰਦੀਆਂ ਹਨ ਪਰ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਮਨੁੱਖ ਸੋਚਦਾ ਕੁੱਝ ਹੈ ਤੇ ਵਾਪਰਦਾ ਕੁੱਝ ਹੋਰ ਹੈ, ਇਸੇ ਕਰਕੇ ਉਹ ਉਦਾਸ ਹੁੰਦਾ ਹੈ। ਉਦਾਸ ਹੋਇਆ ਮਨੁੱਖ ਆਪਣੀ ਉਦਾਸੀ ਸ਼ਬਦਾਂ ਰਾਹੀਂ ਦੂਰ ਕਰਦਾ ਹੈ। ਉਹ ਆਪਣੀ ਮਹਿਬੂਬ ਦੇ ਨਾਂ ਖ਼ਤ ਲਿਖਦਾ, ਗ਼ਜ਼ਲਾਂ ਲਿਖਦਾ, ਕਵਿਤਾਵਾਂ ਲਿਖਦਾ, ਕਹਾਣੀਆਂ, ਨਾਵਲ ਵਗੈਰਾ…। ਪਰ ਆਮ ਆਦਮੀ ਬੇਚਾਰਾ ਕੀ ਕਰੇ ? ਉਹ ਇੱਕ ਗ਼ਮ ਵਿਚੋਂ ਨਿਕਲਦਾ ਹੈ, ਝੱਟ ਦੂਜੇ ਵਿੱਚ ਫਸ ਪੈਂਦਾ ਹੈ।mਹਰ ‘ਹੀਰ’ ਦਾ ਇੱਕ ‘ਰਾਂਝਾ’ ਹੁੰਦਾ ਹੈ ਤੇ ਹਰ ਰਾਂਝੇ ਦੀ ਇੱਕ ਹੀਰ ਹੁੰਦੀ ਹੈ। ਇਸ਼ਕ ਹਕੀਕੀ ਤੇ ਮਜਾਜ਼ੀ ਹੁੰਦਾ ਹੈ। ‘ ਇਸ਼ਕ ਹਕੀਕੀ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ। ਬਹੁ-ਗਿਣਤੀ ਤਾਂ ‘ਇਸ਼ਕ ਮਜਾਜ਼ੀ’ ਕਰਦੀ ਹੈ। ਪਰ ਗੱਲਾਂ ‘ਇਸ਼ਕ ਹਕੀਕੀ’ ਦੀਆਂ ਕਰਦੀ ਹੈ।
ਪਰ ਅੱਜ-ਕੱਲ• ਸਾਰਾ ਸੰਸਾਰ ਵਿਸ਼ਵੀਕਰਨ ਦੇ ਰਾਹੀਂ ਪਿੰਡ ਬਣ ਗਿਆ ਹੈ। ਹੁਣ ਤੁਸੀਂ ਆਪਣੇ ਘਰ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਬੇਲੇ ਵਿੱਚ ਬੈਠੀ ਕਿਸੇ ਹੀਰ ਨੂੰ ਤਲਾਸ਼ ਸਕਦੇ ਹੋ ਪਰ ਤੁਹਾਡੇ ਕੋਲ ਤਲਾਸ਼ ਕਰਨ ਦੀ ਜਾਚ ਹੋਣ ਚਾਹੀਦੀ ਹੈ। ਹੁਣ ਤਾਂ ਬੰਸਰੀ ਦੀ ਲੋੜ ਹੈ, ਨਾ ਚੂਰੀ ਦੀ। ਅੱਜ-ਕੱਲ੍ਹ ਤੁਸੀਂ ਬੰਸਰੀ ਨਾਲ ਹੀਰ ਨੂੰ ਨਹੀਂ ਕੀਲ ਸਕਦੇ, ਅੱਜ-ਕੱਲ੍ਹ ਤਾਂ ਮੋਬਾਇਲ ਦੀ ਰਿੰਗ ਟੋਨ ਹੀ ਹੀਰ ਲਈ ਬੰਸਰੀ ਹੈ। ਇਸੇ ਕਰਕੇ ਟੁੱਟਗੀ ਤੜੱਕ ਕਰਕੇ ਦੀਆਂ ਗੱਲਾਂ ਸੱਥਾਂ ਤੋਂ ਅਦਾਲਤਾਂ ਤੱਕ ਪੁਜ ਗਈਆਂ। ਚੂਰੀ ਬਣਾਉਣੀ ਤਾਂ ਇਨਾਂ ਹੀਰਾਂ ਨੂੰ ਆਉਂਦੀ ਨਹੀਂ ਤੇ ਨਾ ਹੀ ਅੱਜ-ਕੱਲ• ਦੇ ਰਾਂਝੇ ਚੂਰੀ ਖਾਣਾ ਪਸੰਦ ਕਰਦੇ ਹਨ।
ਫਾਸਟ-ਫੂਡ ਨੇ ਇਨਾ਼ ਚੂਰੀਆਂ ਦੀ ਥਾਂ ਲੈ ਲਈ ਹੈ। ਲੋੜ ਤਾਂ ਹੁਣ ਸ਼ਬਦਾਂ, ਉਤਮ ਸੁਪਨਿਆਂ, ਉਤਮ ਗੱਲਾਂ ਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਰਾਹੀਂ ਆਪਣੀ ਹੀਰ ਦਾ ਢਿੱਡ ਭਰ ਸਕੋ। ਅੱਜ-ਕੱਲ• ਦੀਆਂ ਹੀਰਾਂ ਨੂੰ ਭੁੱਖ ਵੀ ਘੱਟ ਲੱਗਦੀ ਹੈ। ਕਾਰਨ ਇਹ ਹੈ ਕਿ ਹੀਰਾਂ ਦਾ ਕੱਦ ਵੀ ਘੱਟ ਰਿਹਾ ਹੈ। ਢਿੱਡ ਦਾ ਆਕਾਰ ਵੀ ਤੇ ਖਾਣ-ਪੀਣ ਦੀ ਸਮਰੱਥਾ ਵੀ। ਵਿਦੇਸ਼ ਜਾਣ ਦੀ ਲਾਲਸਾ ਵੀ। ਹੁਣ ਦੀਆਂ ਹੀਰਾਂ ਅੰਦਰ ‘ਸੇਕ’ ਕਦੇ ਵੱਧ ਰਿਹਾ ਹੈ, ‘ਕੱਦ’ ਘੱਟ ਰਿਹਾ ਹੈ। ਦੂਜੇ ਪਾਸੇ ਰਾਂਝਿਆਂ ਅੰਦਰ ਲਲਕ ਵੱਧ ਰਹੀ ਹੈ ਤੇ ਤਾਕਤ ਘੱਟ ਰਹੀ ਹੈ। ਇਸੇ ਕਰਕੇ ਹੁਣ ਰਾਂਝੇ ਹੀਰਾ ਮਗਰ ਨਹੀਂ, ਬਲਕਿ ਹੀਰਾਂ ਰਾਂਝਿਆਂ ਮਗਰ ਭੱਜਦੀਆਂ ਫਿਰਦੀਆਂ ਹਨ। ਉਨਾ਼ ਦੀ ਹਾਲਤ ਉਸ ਮਛੇਰੇ ਵਰਗੀ ਹੁੰਦੀ ਹੈ, ਜਿਸ ਨੂੰ ਸਮੁੰਦਰ ਵਿੱਚ ਫਿਰਦੀਆਂ ਮੱਛੀਆਂ ਤਾਂ ਬਹੁਤ ਦਿਖਦੀਆਂ ਹਨ ।
ਇਹ ਫਸਣ ਤੇ ਨਿਕਲਣ ਦਾ ਅਜਿਹਾ ਚੱਕਰ ਹੈ, ਜਿਸ ਵਿੱਚ ਸਾਰੀ ਜ਼ਿੰਦਗੀ ਰਾਂਝੇ ਤੇ ਹੀਰਾਂ ਉਲਝੇ ਰਹਿੰਦੇ ਹਨ। ਉਨਾਂ ਦੀ ਹਾਲਤ ਉਹ ਚੱਕਰਵਿਊ ਵਿੱਚ ਫਸੇ ਮਨੁੱਖ ਵਰਗੀ ਹੁੰਦੀ ਹੈ, ਜਿਹੜਾ ਨਿਕਲਣਾ ਤਾਂ ਬਾਹਰ ਮੈਦਾਨ ਵਿੱਚ ਚਾਹੁੰਦਾ ਹੈ, ਪਰ ਫਸ ਕਿਸੇ ਹੋਰ ਥਾਂ ਜਾਂਦਾ ਹੈ।
ਫਸਣਾ-ਨਿਕਲਣਾ ਜ਼ਿੰਦਗੀ ਦਾ ਅਜਿਹਾ ਚੱਕਰ ਹੈ, ਜਿਸ ਦੁਆਲੇ ਸਾਰੀ ਸ੍ਰਿਸ਼ਟੀ ਘੁੰਮਦੀ ਹੈ। ਜਿਵੇਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਬਸ ਉਵੇਂ ਹੀ ਰਾਂਝਾ ਹੀਰ ਦੁਆਲੇ ਤੇ ਹੀਰ ਰਾਂਝੇ ਦੁਆਲੇ ਘੁੰਮਦੀ ਰਹਿੰਦੀ ਹੈ। ਸਮਾਂ ਪੈਣ ਨਾਲ ਥਾਵਾਂ, ਰਾਝੇ ਹੀਰਾਂ ਦੇ ਰੂਪ ਬਦਲ ਜਾਂਦੇ ਹਨ। ਪਰ ਉਹ ਭਟਕਣਾ ਵਿੱਚ ਉਵੇਂ ਫਸੇ ਰਹਿੰਦੇ ਹਨ, ਜਿਵੇਂ ਉਨਾ ਦੇ ਪੁਰਖੇ ਫਸੇ ਸੀ।
ਕਈ ਵਾਰ ਇਹ ਹੁੰਦਾ ਹੈ ਕਿ ਅਸੀਂ ਘੁੰਮ ਤਾਂ ਸ਼ਹਿਰ ਵਿੱਚ ਇੱਕ ਅਜਿਹੇ ਭੀੜ-ਭੱੜਕੇ ਵਾਲੇ ਬਾਜ਼ਾਰ ਵਿੱਚ ਹੁੰਦੇ ਹਾਂ, ਪਰ ਸਾਡਾ ਮਨ ਕਿਸੇ ਦੀ ਤਲਾਸ਼ ਵਿੱਚ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ। ਇਹ ਤਲਾਸ਼ ਹੀ ਹੈ ਜਿਹੜੀ ਹਰ ਮਨੁੱਖ ਨੂੰ ਭਜਾਈ ਫਿਰਦੀ ਹੈ। ਇਸ ਤਲਾਸ਼ ਵਿੱਚ ਮਨੁੱਖ ਇੱਧਰ-ਉਧਰ ਭਟਕਦਾ ਹੈ। ਉਸਨੂੰ ਕਿਧਰੇ ਸਕੂਨ ਨਹੀਂ ਮਿਲਦਾ, ਜੇ ਕਿਤੇ ਠੰਢੀ ਥਾਂ ਹੇਠ ਬਹਿ ਕੇ ਕਿਸੇ ਸੰਗ ‘ਆਈਸ ਕਰੀਮ’ ਖਾ ਲੈਂਦਾ ਹੈ, ਤਾਂ ਉਸ ਅੰਦਰ ਇੱਕ ਤਲਾਸ਼ ਉਭਰ ਆਉਂਦੀ ਹੈ, ਅਸਲ ਵਿੱਚ ਜਿੰਨੀਆਂ ਵੀ ਠੰਢੀਆਂ ਚੀਜ਼ਾਂ ਹੁੰਦੀਆਂ ਹਨ, ਉਨਾਂ ਅੰਦਰ ਗਰਮੀ, ਸੇਕ, ਤਪਸ਼, ਊਰਜਾ ਵਧੇਰੇ ਹੁੰਦੀ ਹੈ।
ਕਈ ਵਾਰ ਅਸੀਂ ਗਰਮ ਥਾਂ ਉਤੇ ਹੱਥ ਰੱਖਦੇ ਤਾਂ ਉਹ ਠੰਢਾ ਹੋ ਜਾਂਦਾ ਹੈ ਜਦੋਂ ਕਿਤੇ ਕਿਸੇ ਠੰਢੀ ਥਾਂ ਹੱਥ ਰੱਖਦੇ ਹਾਂ ਤਾਂ ਉਹ ਪਾਣੀ ਬਣ ਕੇ ਵਹਿ ਤੁਰਦਾ ਹੈ। ਜਿਹੜਾ ਵਹਿੰਦਾ ਹੈ, ਵਗਦਾ ਹੈ, ਉਹ ਪਾਣੀ ਸਦਾ ਨਿਰਮਲ ਰਹਿੰਦਾ ਹੈ, ਹੁੱਕ ਗਿਆ ਪਾਣੀ, ਹਮੇਸ਼ਾ ਮੁਸ਼ਕ ਮਾਰਦਾ ਹੈ।
ਵਿਸ਼ਵੀਕਰਨ ਨੇ ਅੱਜ-ਕੱਲ੍ਹ ਹੀਰਾਂ ਦੇ ਰਾਂਝਿਆਂ ਦਾ ਕੰਮ ਹੋਰ ਵੀ ਸੌਖਾ ਕਰ ਦਿੱਤਾ ਹੈ। ਮੋਬਾਇਲ ਫੋਨ ਨੇ ਦੂਰੀਆਂ ਤਾਂ ਘਟਾ ਦਿੱਤੀਆਂ ਹਨ ਨਾਲ ਹੀ ਬੇਲਿਆਂ ਵਿੱਚ ਮਿਲਣ ਦੀਆਂ ਥਾਵਾਂ ਵੀ ਹੁਣ ਕੈਫ਼ਿਆਂ ਤੇ ਰੈਸਟੋਰੈਂਟਾਂ ਵਿੱਚ ਬਦਲ ਗਈਆਂ ਹਨ।
ਤੁਸੀ ਕਿਸੇ ਸ਼ਹਿਰ ਦੀ ਸੜਕ ਕਿਨਾਰੇ ਖੜ ਕੇ ਕੁੱਝ ਪਲ ਲਈ ਸੜਕ ਉੱਤੇ ਭੱਜੇ ਜਾਂਦੇ ਮਸ਼ੀਨ ਬਣੇ ਉਨਾ ਹੀਰਾ ਰਾਂਝਿਆਂ ਨੂੰ ਦੇਖਣ ਸਮਝਣ ਦਾ ਯਤਨ ਕਰੋ ਤਾਂ ਤੁਹਾਡੀਆਂ ਅੱਖਾਂ ਅੱਗੇ ਇੱਕ ਉਹ ਸੱਚ ਆ ਜਾਵੇਗਾ, ਜਿਹੜਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ। ਸੋਚਣ ਦਾ ਕੰਮ ਹੁਣ ਰਾਂਝਿਆਂ ਤੇ ਹੀਰਾਂ ਦਾ ਨਹੀਂ ਉਨਾ ਦੇ ਲਛਮਣ ਵਰਗੇ ਵੀਰਾਂ ਤੇ ਇੱਛਰਾਂ ਵਰਗੀਆਂ ਮਾਵਾਂ ਦਾ ਹੈ। ਇਹ ਨਵੇਂ ਰਾਂਝੇ, ਇਹ ਆਧੁਨਿਕ ਹੀਰਾਂ ਕਿਧਰ ਨੂੰ ਕਿਸ ਦੀ ਤਲਾਸ਼ ਵਿੱਚ ਦੌੜ ਰਹੀਆਂ ਹਨ।ਜਾਂ ਫਿਰ ਉੱਥੇ ਹੀ ਸਥਿਰ ਹਨ।
ਇਹ ਤਾਂ ਸਮਾਂ ਹੀ ਦੱਸੇਗਾ, ਤੁਸੀਂ ਏਨਾਂ ਚਿਰ ਕਿਸੇ ਬਾਜ਼ਾਰ ਵਿੱਚ ਫਿਰਦੀਆਂ ਭਟਕਦੀਆਂ ਰੂਹਾਂ ਦੇ ਦਰਸ਼ਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਅੱਜ-ਕੱਲ੍ਹ ਦੇ ਹੀਰ-ਰਾਂਝੇ ਕਿਧਰ ਨੂੰ ਜਾ ਰਹੇ ਹਨ? ਇਸ ਦੀ ਸਮਜ਼ ਨੀ ਅਾ ਰਹੀ? ਜੁਆਨੀ ਨੇ ਸੱਤਾਧਾਰੀਆਂ ਦੇ ਗੱਲ ਅੰਗੂਠਾ ਦੇਣ ਦੀ ਵਜਾਏ ਮਾਪਿਆਂ ਦੀਆਂ ਘੁੱਟ ਰਹੇ ਨੇ ਕੀ ਬਣੂੰ ਸਮਾਜ ਦਾ ? ਰਿਸ਼ਤੇ ਪੈਸੇ ਦੇ ਰਹਿਗੇ ਹਨ। ਪਿਆਰ ਤੇ ਵਿਆਹ ਵਪਾਰ ਬਣ ਗਿਆ! ਕਿਸ ਦਿਸ਼ਾ ਵੱਲ ਜਾ ਰਹੇ ਹਾਂ ?
ਬੁੱਧ ਸਿੰਘ ਨੀਲੋੰ
94643-70823