ਭਗਵੰਤ ਮਾਨ ਵੱਲੋਂ ਸੁਖਬੀਰ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ

ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਸੰਸਦੀ ਸੀਟ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਸ੍ਰੀ ਮਾਨ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ‘ਆਪ’ ਦੇ ਪ੍ਰਧਾਨ ਹਨ ਅਤੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹਨ। ਦੋਵੇਂ ਪ੍ਰਧਾਨ ਜਦੋਂ ਇੱਕ ਦੂਜੇ ਮੁਕਾਬਲੇ ਚੋਣ ਲੜਨਗੇ ਤਾਂ ਪਤਾ ਲੱਗ ਜਾਵੇਗਾ ਕਿ ਲੋਕ ਕਿਹੜੀ ਪਾਰਟੀ ਦੇ ਪ੍ਰਧਾਨ ਨੁੂੰ ਪਸੰਦ ਕਰਦੇ ਹਨ। ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਬਾਦਲ ਹਰ ਵਾਰ ਢੀਂਡਸਿਆਂ ਦੀ ਸਿਆਸੀ ਬਲੀ ਦਿੰਦੇ ਹਨ ਪਰ ਇਸ ਵਾਰ ਸੁਖਬੀਰ ਬਾਦਲ ਨੂੰ ਖੁਦ ਉਨ੍ਹਾਂ ਦੇ ਮੁਕਾਬਲੇ ਸੰਗਰੂਰ ਸੀਟ ਤੋਂ ਚੋਣ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਆਖਦੇ ਸਨ ਕਿ ਹਸਾਉਣ ਅਤੇ ਗਾਉਣ ਵਾਲਿਆਂ ਨੂੰ ਕੋਈ ਵੋਟ ਦੇਣ ਨਹੀਂ ਆਉਂਦਾ ਪਰ ਸਭ ਤੋਂ ਵੱਧ ਵੋਟਾਂ ਦੀ ਲੀਡ ’ਤੇ ਉਨ੍ਹਾਂ ਨੇ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਸੀ। ਮਾਨ ਨੇ ਵਿਅੰਗਮਈ ਲਹਿਜੇ ’ਚ ਕਿਹਾ ‘ਪਹਿਲਾਂ ਪਿਤਾ ਹਰਾਇਆ ਅਤੇ ਹੁਣ ਪੁੱਤ ਦੀ ਵਾਰੀ ਹੈ, 2019 ਦੀ ਫੁੱਲ ਤਿਆਰੀ ਐ।’ ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਉਨ੍ਹਾਂ ਨੂੰ ਹਰਾਉਣ ਦੀ ਇੱਛਾ ਪੂਰੀ ਨਹੀਂ ਹੋਵੇਗੀ। ਸ੍ਰੀ ਮਾਨ ਨੇ ਕਿਹਾ ਕਿ ਸ਼ਰਾਬ ਛੱਡਣ ਲਈ ਉਨ੍ਹਾਂ ਨੂੰ ਬਿਕਰਮ ਸਿੰਘ ਮਜੀਠੀਆ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਚਿੱਟੇ ਦੇ ਦੋਸ਼ ਕਿਹੜੇ ਆਗੂ ਉਪਰ ਲੱਗੇ ਸਨ। ਮਾਨ ਨੇ ਕਿਹਾ ਕਿ ਜੇਕਰ ਸੰਸਦੀ ਚੋਣਾਂ ’ਚ ਅਕਾਲੀ ਦਲ ਨੇ ਮਜੀਠੀਆ ਨੂੰ ਸੰਗਰੂਰ ਦਾ ਇੰਚਾਰਜ ਬਣਾ ਦਿੱਤਾ ਤਾਂ ਚਿੱਟੇ ਦੇ ਵਪਾਰੀ ਪੈਦਾ ਹੋ ਜਾਣਗੇ। ਉਨ੍ਹਾਂ ਸੰਗਰੂਰ ਹਲਕੇ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮਜੀਠੀਆ ਦੇ ਬੰਦਿਆਂ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਸੁਫ਼ਨੇ ਵਿਚ ਜਿੱਤ ਵਿਖਾਈ ਦੇਣ ਲੱਗੀ ਹੈ।

Previous articleਬੀਕੇਯੂ ਉਗਰਾਹਾਂ ਵੱਲੋਂ ਪਾਵਰਕੌਮ ਦੀ ਟੀਮ ਦਾ ਘਿਰਾਓ
Next articleਈਡੀ ਵੱਲੋਂ ਤਲਵਾੜ ਪਿਓ-ਪੁੱਤ ਖ਼ਿਲਾਫ਼ ਦੋਸ਼ ਪੱਤਰ ਦਾਖਲ