ਈਡੀ ਵੱਲੋਂ ਤਲਵਾੜ ਪਿਓ-ਪੁੱਤ ਖ਼ਿਲਾਫ਼ ਦੋਸ਼ ਪੱਤਰ ਦਾਖਲ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ’ਚ ਕਥਿਤ ਲੌਬੀਕਾਰ ਦੀਪਕ ਤਲਵਾੜ ਅਤੇ ਉਸ ਤੇ ਪੁੱਤਰ ਆਦਿੱਤਿਆ ਤਲਵਾੜ ਖ਼ਿਲਾਫ਼ ਅੱਜ ਦਿੱਲੀ ਦੀ ਇੱਕ ਅਦਾਲਤ ’ਚ ਦੋਸ਼ ਪੱਤਰ ਦਾਇਰ ਕੀਤਾ ਹੈ। ਦੋਸ਼ ਪੱਤਰ ’ਚ ਜਾਂਚ ਏਜੰਸੀ ਨੇ ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਦੀ ਅਦਾਲਤ ’ਚ ਕਿਹਾ ਕਿ ਤਲਵਾੜ ਨੇ ਕਥਿਤ ਤੌਰ ’ਤੇ ਵਿਚੋਲੇ ਦੀ ਤਰ੍ਹਾਂ ਕੰਮ ਕਰਦਿਆਂ ਵਿਦੇਸ਼ੀ ਨਿੱਜੀ ਜਹਾਜ਼ ਕੰਪਨੀਆਂ ਦੇ ਪੱਖ ’ਚ ਮਾਹੌਲ ਬਣਾਇਆ ਜਿਸ ਨਾਲ ਕੌਮੀ ਜਹਾਜ਼ ਕੰਪਨੀ ਏਅਰ ਇੰਡੀਆ ਨੂੰ ਨੁਕਸਾਨ ਹੋਇਆ ਸੀ। ਤਲਵਾੜ ਨੂੰ 30 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਜੁਡੀਸ਼ਲ ਹਿਰਾਸਤ ’ਚ ਹੈ। ਅਦਾਲਤ ਇਸ ਦੋਸ਼ ਪੱਤਰ ’ਤੇ 15 ਅਪਰੈਲ ਨੂੰ ਵਿਚਾਰ ਕਰੇਗੀ। ਈਡੀ ਦੇ ਸਰਕਾਰੀ ਵਕੀਲ ਡੀਪੀ ਸਿੰਘ ਅਤੇ ਨਿਤੇਸ਼ ਰਾਣਾ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਬਾਅਦ ਵਿੱਚ ਇੱਕ ਮੁਕੰਮਲ ਦੋਸ਼ ਪੱਤਰ ਦਾਇਰ ਕੀਤਾ ਜਾਵੇਗਾ। ਈਡੀ ਨੇ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੂੰ ਕਿਹਾ ਸੀ ਕਿ ਸਿਵਲ ਹਵਾਬਾਜ਼ੀ ਮੰਤਰਾਲਾ, ਨੈਸ਼ਨਲ ਏਵੀਏਸ਼ਨ ਕੰਪਨੀ ਆਫ ਇੰਡੀਆ ਲਿਮਟਡ ਅਤੇ ਏਅਰ ਇੰਡੀਆ ਦੇ ਉਨ੍ਹਾਂ ਅਧਿਕਾਰੀਆਂ ਦੇ ਨਾਂ ਜਾਣਨ ਲਈ ਤਲਵਾੜ ਤੋਂ ਪੁੱਛ-ਪੜਤਾਲ ਜ਼ਰੂਰੀ ਹੈ, ਜਿਨ੍ਹਾਂ ਕਤਰ ਏਅਰਵੇਜ਼, ਅਮੀਰਾਤ ਅਤੇ ਏਅਰ ਅਰੇਬੀਆ ਸਮੇਤ ਵਿਦੇਸ਼ ਜਹਾਜ਼ਾਂ ਦਾ ਪੱਖ ਲਿਆ ਸੀ।

Previous articleਭਗਵੰਤ ਮਾਨ ਵੱਲੋਂ ਸੁਖਬੀਰ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ
Next articleਕਮਲਮ ਦਫ਼ਤਰ ਵਿੱਚ ‘ਚੌਕੀਦਾਰ’ ਮੁਹਿੰਮ ਤਹਿਤ ਸਮਾਗਮ