ਭਗਤ ਸਿੰਘ ਦੀ ਯਾਦ ਕੇਵਲ ਦੋ ਦਿਨੀਂ

ਜਸਕੀਰਤ ਸਿੰਘ

(ਸਮਾਜ ਵੀਕਲੀ)

ਅਕਸਰ ਸਰਦਾਰ ਭਗਤ ਸਿੰਘ ਨੂੰ 23 ਮਾਰਚ ਜਾਂ 28 ਸਤੰਬਰ ਨੂੰ ਹੀ ਜ਼ਿਆਦਾ ਵੇਖਿਆ ਜਾਂਦਾ ਹੈ ਸਾਲ ਦੇ ਦੋ ਦਿਨ ਸਰਦਾਰ ਭਗਤ ਸਿੰਘ ਤੇ ਖ਼ੂਬ ਚਰਚਾ ਹੁੰਦੀ ਹੈ ਥਾਂ-ਥਾਂ ਸਰਦਾਰ ਭਗਤ ਸਿੰਘ ਦਾ ਮਾਣ ਆਦਰ ਕੀਤਾ ਜਾਂਦਾ ਹੈ । ਉਨ੍ਹਾਂ ਦੇ ਨਾਂ ਤੇ ਇਨ੍ਹਾਂ ਦੋ ਦਿਨਾਂ ਵਿਚ ਗੀਤ ਗਾਏ ਜਾਂਦੇ ਹਨ ਕਵਿਤਾਵਾਂ ਬੋਲਿਆ ਜਾਂਦੀਆਂ ਹਨ । ਲੱਡੂ ਵੰਡੇ ਜਾਂਦੇ ਹਨ । ਹੱਥ ਵਿਚ ਪਿਸਤੌਲ ਫੜ ਤਸਵੀਰਾਂ ਲਈਆਂ ਜਾਂਦੀਆਂ ਹਨ ਅਤੇ ਸਰਦਾਰ ਭਗਤ ਸਿੰਘ ਦੇ ਬੁੱਤ ਉੱਪਰ ਫੁੱਲਾਂ ਦਾ ਹਾਰ ਪਾਇਆ ਜਾਂਦਾ ਹੈ । ਪਰ ਇਹ ਸਭ ਸਾਲ ਦੇ ਦੋ ਦਿਨੀਂ ਹੀ ਕਿਉਂ ? ਬਾਕੀ ਦਿਨ ਕਿਉਂ ਨਹੀਂ ?
ਅਫ਼ਸੋਸ ਦੀ ਗੱਲ ਹੈ ਕਿ ਭਾਰਤ ਦੀ ਆਜ਼ਾਦੀ ਦੇ ਲਈ ਕੁਰਬਾਨ ਹੋਣ ਵਾਲਾ ਸ਼ਹੀਦ ਭਗਤ ਸਿੰਘ ਹੁਣ ਸਿਰਫ ਦੋ ਦਿਨਾਂ ਦਾ ਜਸ਼ਨ ਬਣ ਕੇ ਰਹਿ ਗਿਆ ਹੈ। ਜਿਸ ਨੂੰ ਆਜ਼ਾਦ ਭਾਰਤ ਦੇ ਲੋਕ ਬੱਸ ਸਾਲ ਦੇ ਦੋ ਦਿਨ ਹੀ ਯਾਦ ਕਰਦੇ ਹਨ , ਬਾਕੀ ਦੇ 363 ਦਿਨ ਪਤਾ ਨਹੀਂ ਕਿੱਥੇ ਛੱਡ ਦਿੰਦੇ ਹਨ । ਇਹ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਉਨ੍ਹਾਂ ਮਹਾਨ ਯੋਧਿਆਂ ਨੂੰ ਭੁੱਲਦੇ ਜਾ ਰਹੇ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਜੀਵਨ ਜੀ ਰਹੇ ਹਾਂ । ਇਹ ਸਿਰਫ਼ ਮੈਂ ਸਰਦਾਰ ਭਗਤ ਸਿੰਘ ਦੀ ਗੱਲ ਨਹੀਂ ਕਰਦਾ ਸਗੋਂ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਉਹਨਾਂ ਦੇ ਸਾਥੀ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਗੁਰੂਦੀ ਵੀ ਗੱਲ ਕਰ ਰਿਹਾ ਹਾਂ ।
ਸਾਡੇ ਭਾਰਤ ਦੀਆ ਰਾਜਨੀਤਿਕ ਪਾਰਟੀਆਂ ਅਤੇ ਆਮ ਵਰਗ ਦੇ ਲੋਕ ਸਿਰਫ਼ ਤੇ ਸਿਰਫ਼ ਆਪਣੇ ਮਨੋਰੰਜਨ ਦੇ ਲਈ ਇਨ੍ਹਾਂ ਸ਼ਹੀਦਾਂ ਦੇ ਦਿਨਾਂ ਨੂੰ ਵਰਤ ਰਹੇ ਹਨ। ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਦਿਲੋਂ ਯਾਦ ਨਹੀਂ ਕੀਤਾ ਜਾਂਦਾ । ਬਸ ਸਾਲ ਦੇ ਦੋ ਦਿਨ ਹੀ ਇਨ੍ਹਾਂ ਸ਼ਹੀਦਾ ਦੇ ਬੁੱਤਾਂ ਉਪਰ ਫੁੱਲ ਅਰਪਿਤ ਕਰ ਦਿੱਤੇ ਜਾਂਦੇ ਹਨ ।
ਰਾਜਨੀਤਿਕ ਪਾਰਟੀਆਂ ਤਾਂ ਖ਼ੈਰ ਪਹਿਲੇ ਦਿਨ ਤੋਂ ਹੀ ਐਵੇਂ ਦਾ ਕਰਦੀਆਂ ਆ ਰਹੀਆਂ ਹਨ । ਇਸ ਰਾਜਨੀਤੀ ਦੀ ਬਦੌਲਤ ਅਸੀਂ ਆਪਣੇ ਕੌਮ ਦੇ ਬਹੁਤ ਹੀਰਿਆਂ , ਯੋਧਿਆਂ ਨੂੰ ਖੋ ਚੁਕੇ ਹਾਂ ।  ਜੇ ਇਹ ਰਾਜਨੀਤੀ ਨਾ ਹੁੰਦੀ ਤਾਂ ਅੱਜ ਸਾਡੀ ਕੌਮ ਦੇ ਹੀਰੇ ਸਾਡੇ ਨਾਲ ਹੁੰਦੇ ਅਤੇ ਅੱਜ ਸਾਡੇ ਦੇਸ਼ ਦਾ ਭਵਿੱਖ ਕੁਝ ਹੋਰ ਹੋਣਾ ਸੀ । ਜੋ ਕਿ ਹੁਣ ਦੇ ਸਮੇਂ ਬਹੁਤ ਤਰਸਯੋਗ ਹੈ ।
ਰਾਜਨੀਤਿਕ ਪਾਰਟੀਆਂ ਦੀ ਗੱਲ ਛੱਡੋ ਉਹ ਤਾਂ ਸ਼ੁਰੂ ਤੋਂ ਹੀ ਆਪਣਾ ਅੱਗਾ ਵੇਖਦਿਆਂ ਆਇਆ ਹਨ । 1931 ਈ ਦੇ ਵੇਲੇ ਜੇ ਮੋਹਨਦਾਸ ਗਾਂਧੀ ਚਾਹੁੰਦਾ ਤਾਂ ਉਹ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਫਾਂਸੀ ਰੁੱਕਵਾ ਸਕਦਾ ਸੀ । ਪਰ ਉਸਨੂੰ ਦਾ ਇਕ ਸੁਨਹਿਰੀ ਮੌਕਾ ਮਿਲ ਗਿਆ ਸੀ ਆਪਣੇ ਰਾਹ ਦੇ ਤੂਫ਼ਾਨ ਨੂੰ ਖ਼ਤਮ ਕਰਨ ਦਾ । ਜੇਕਰ ਸਰਦਾਰ ਭਗਤ ਸਿੰਘ ਜੀ ਆਪ ਵੀ ਚਾਹੁੰਦੇ ਤਾਂ ਉਹ ਗ੍ਰਿਫ਼ਤਾਰੀ ਨਾ ਦਿੰਦੇ । ਉਨ੍ਹਾਂ ਦੀ ਗ੍ਰਿਫ਼ਤਾਰੀ ਕਦੇ ਈ ਨਾ ਹੁੰਦੀ । ਜੇਕਰ ਉਹ ਅਸੈਂਬਲੀ ਉੱਤੇ ਬੰਬ ਸੁੱਟ ਉੱਥੋਂ ਭੱਜ ਜਾਂਦੇ , ਪਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਨਹੀਂ ਭੱਜੇ । ਉਹ ਕਦੇ ਵੀ ਮੁਸ਼ਕਿਲਾਂ ਤੋਂ ਭੱਜਣਾ ਨਹੀਂ ਸਨ ਸਿੱਖੇ ,  ਸਗੋਂ ਉਨ੍ਹਾਂ ਦੇ ਨਾਲ ਲੜਨ ਦਾ ਦਮ ਰੱਖਦੇ ਸਨ  । ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਜਾਣਬੁਝ ਕੇ ਗ੍ਰਿਫ਼ਤਾਰ ਹੋਏ ਸਨ  ਤਾਂਕਿ ਉਹ ਲੋਕਾਂ ਦੇ ਦਿਲਾਂ ਵਿੱਚ ਆਪਣੀ ਛਾਪ ਛੱਡ ਸਕਣ ਅਤੇ ਕ੍ਰਾਂਤੀ ਦੀ ਲਹਿਰ ਜਗ੍ਹਾ ਸਕਣ ।
ਪਰ ਅਫਸੋਸ ਇਨ੍ਹਾਂ ਗੰਦੀਆਂ ਰਾਜਨੀਤੀਕ ਪਾਰਟੀਆਂ ਨੇ ਉਨ੍ਹਾਂ  ਦੇ ਬੋਲਾਂ ਨੂੰ ਦਫ਼ਨ ਕਰ ਦਿੱਤਾ । ਜਿਸ ਦੀ ਬਦੌਲਤ ਅੱਜ 2021 ਵਿਚ 76 ਸਾਲਾਂ ਬਾਅਦ ਵੀ ਸਾਡਾ ਭਾਰਤ ਗ਼ੁਲਾਮੀ ਦਾ ਜੀਵਨ ਬਤੀਤ ਕਰ ਰਿਹਾ ਹੈ ਲੱਖ ਅੱਜ ਅਸੀਂ ਸੰਵਿਧਾਨ ਪੱਖੋਂ ਆਜ਼ਾਦ ਹਾਂ ਪਰ ਇਨ੍ਹਾਂ ਰਾਜਨੀਤਕ ਪਾਰਟੀਆਂ ਨੇ ਸਾਨੂੰ ਆਪਣਾ ਗੁਲਾਮ ਬਣਾ ਰੱਖਿਆ ਹੈ ।
ਜੋ ਆਜ਼ਾਦੀ ਅਸੀਂ ਜੀ ਰਹੇ ਹਾਂ ਇਹ ਉਹ ਆਜ਼ਾਦੀ ਨਹੀਂ ਜੋ ਸਰਦਾਰ ਭਗਤ ਸਿੰਘ ਨੇ ਸੋਚੀ ਸੀ। ਇਸ ਆਜ਼ਾਦੀ ਦੀ ਤਾਂ ਕਦੇ ਉਨ੍ਹਾਂ ਨੇ ਕਲਪਨਾ ਵੀ ਨਹੀਂ ਸੀ ਕੀਤੀ। ਉਨ੍ਹਾਂ ਦੇ ਸ਼ਹੀਦ ਹੋਣ ਪਿੱਛੇ ਵੀ ਇਕੋ ਇਕ ਮਕਸਦ ਸੀ ਕਿ ਉਨ੍ਹਾਂ ਦੀ ਸ਼ਹੀਦੀ ਦੇਸ਼ ਵੀ ਕ੍ਰਾਂਤੀ ਦੀ ਲਹਿਰ ਲੈ ਕੇ ਆਏਗੀ । ਦੇਸ਼ ਦਾ ਹਰ ਇਕ ਨੌਜਵਾਨ ਉਨ੍ਹਾਂ ਦਾ ਰੂਪ ਧਾਰਨ ਕਰੇਗਾ ਅਤੇ ਆਪਣੀ ਲੜਾਈ ਲੜ ਦੇਸ਼ ਨੂੰ ਆਜ਼ਾਦ ਕਰਵਾ , ਉਸਦੀ ਸੇਵਾ ਕਰੇਗਾ ।
ਪਰ ਐਵੇਂ ਦਾ ਕੁਝ ਵੀ ਨਹੀਂ ਹੋਇਆ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਾਡੇ ਲਈ ਸ਼ਹੀਦ ਹੋ ਗਏ ਪਰ ਅਸੀਂ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਕੀ ਕੀਤਾ ਕੁਝ ਵੀ ਨਹੀਂ । ਅਸੀਂ ਸਿਰਫ਼ ਹੱਥਾਂ ਵਿਚ ਖਾਲੀ ਭਾਂਡਾ ਲੈ ਸਰਕਾਰ ਅੱਗੇ ਭੀਖ ਮੰਗਣ ਜੋਗੇ ਰਹਿ ਗਏ ।
ਰਾਜਨੀਤਿਕ ਪਾਰਟੀਆਂ ਤਾਂ ਆਪਣੇ ਫ਼ਾਇਦੇ ਲਈ ਇਹ ਡਰਾਮੇਬਾਜ਼ੀ ਕਰਦੀਆਂ ਰਹੀਆਂ ਹਨ । ਪਰ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ  ਕਿ ਕਰ ਰਹੀ ਹੈ। ਉਹ ਭਗਤ ਸਿੰਘ ਦੇ ਦਸੇ ਕਿਹੜੇ ਰਾਹ ਤੇ ਚੱਲ ਰਹੀ ਹੈ ਸਰਦਾਰ ਭਗਤ ਸਿੰਘ ਨੇ ਤਾ ਇਹ ਕਦੇਂ ਨਹੀਂ ਸੀ ਬੋਲਿਆ । ਕਿ ਨਸ਼ਿਆਂ ਦੇ  ਨਾਲ ਜੁੜੋ , ਗ਼ਲਤ ਕੰਮ ਕਰੋ , ਜਬਰ ਜਨਾਹ ਕਰੋ , ਹਥਿਆਰਾਂ ਨਾਲ ਗੁੰਡਾਗਰਦੀ ਕਰੋ । ਫਿਰ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਕਿਸ ਦੇ ਕਹਿਣ ਤੇ ਇਸ ਗਲਤ ਰਾਹੇ ਪੈ ਗਈ ਅਤੇ ਕਿਉਂ ?
ਲੰਮੇ ਸਮੇਂ ਤੋਂ ਸਾਡੇ ਕਈ ਚਿੱਤਰਕਾਰ ਸਰਦਾਰ ਭਗਤ ਸਿੰਘ ਦੀ ਤਸਵੀਰਾਂ ਬਣਾਉਂਦੇ ਆ ਰਹੇ ਹਨ । ਪਰ ਉਹ ਸਰਦਾਰ ਭਗਤ ਸਿੰਘ ਦੇ ਹੱਥ ਵਿਚ ਪਿਸਤੌਲ ਕਿਉਂ ਥਮਾ ਦਿੰਦੇ ਹਨ । ਸਰਦਾਰ ਭਗਤ ਸਿੰਘ ਕਦੇ ਆਪਣੇ ਕੋਲ ਹਥਿਆਰ ਨਹੀਂ ਸੀ ਰੱਖਦੇ । ਉਹ ਤਾਂ ਸਗੋਂ ਕਿਤਾਬਾਂ ਦੇ ਨਾਲ ਪਿਆਰ ਰੱਖਦੇ ਸਨ । ਸਰਦਾਰ ਭਗਤ ਸਿੰਘ ਵੱਡੇ ਵੱਡੇ ਵਿਚਾਰਾਂ ਵਾਲੇ ਸਾਹਿਤਕਾਰਾਂ ਦੀਆਂ ਕਿਤਾਬਾਂ ਪੜ੍ਹ ਆਪਣੇ ਵਿਚਾਰ ਸਾਂਝੇ ਕਰਦਾ ਸਨ । ਸਰਦਾਰ ਭਗਤ ਸਿੰਘ ਦੇ ਕੋਟ ਵਿਚ ਅਕਸਰ ਦੋ ਜਾਂ ਤਿੱਨ ਕਿਤਾਬਾਂ ਜ਼ਰੂਰ ਹੁੰਦੀਆਂ ਸਨ । ਪਰ ਹਥਿਆਰ ਕਦੇ ਵੀ ਨਹੀਂ । ਉਹਨਾਂ ਦਾ ਕਹਿਣਾ ਸੀ , ਕਿ
” ਪੁਸਤਕ ਜੇਬ ਵਿਚ ਰੱਖਿਆ ਹੋਇਆ ਬਾਗ਼ ਹੈ “
ਭਗਤ ਸਿੰਘ ਨੇ ਇਨਕਲਾਬ ਨੂੰ ਜਨਮ ਜਰੂਰ ਦਿੱਤਾ ਸੀ । ਪਰ ਇਨਕਲਾਬੀ  ਖੂਨ ਦਾ ਪਿਆਸਾ ਨਹੀਂ ਹੁੰਦਾ । ਇਨਕਲਾਬੀ ਕਦੇ ਹਥਿਆਰ ਨਹੀਂ ਰੱਖਦੇ  । ਉਹ ਮਨੁੱਖਤਾ ਦੇ ਪੁਜਾਰੀ ਹੁੰਦੇ ਸਨ । ਭਗਤ ਸਿੰਘ ਆਪਣੀ ਫਾਂਸੀ ਦੇ ਸਮੇਂ ਵੀ ਆਪਣੀ ਕਿਤਾਬ ਪੜ੍ਹ ਰਹੇ ਸਨ । ਫਾਂਸੀ ਨੂੰ ਜਾਣ ਸਮੇਂ ਸਰਦਾਰ ਭਗਤ ਸਿੰਘ ਆਪਣੀ ਕਿਤਾਬ ਦਾ ਪੰਨਾ ਮੋੜ ਦਿੰਦੇ ਹਨ ਤਾਂ ਕਿ ਆਉਣ ਵਾਲੀ ਪੀੜ੍ਹੀ ਉਸ ਮੋੜੇ ਹੋਏ ਪੰਨੇ ਨੂੰ ਪੜ੍ਹ ਕੇ ਸਿੱਖਿਆ ਲੈ ਕੇ ਇਨਕਲਾਬ ਲੈਕੇ ਆਏਗੀ ਅਤੇ ਆਪਣੇ ਵਿਚਾਰਾ ਨਾਲ ਦੁਨੀਆਂ ਨੂੰ ਤਬਦੀਲ ਕਰੇਗੀ ।
ਪਰ ਜਿਸ ਇਨਕਲਾਬ ਦੀ ਗੱਲ ਸਰਦਾਰ ਭਗਤ ਸਿੰਘ ਕਰਦੇ ਸਨ  ਉਹ ਇਨਕਲਾਬ ਕਦੇ ਆਇਆ ਹੀ ਨਹੀਂ ।
ਸਾਡਾ ਅੱਜ ਦਾ ਸਮਾਜ ਇਨਕਲਾਬੀ ਹੈ ਪਰ ਇਹ ਇਨਕਲਾਬ ਸਾਲ  ਦੇ ਤੀਜੇ ਮਹੀਨੇ 23 ਮਾਰਚ ਨੂੰ ਬਾਹਰ ਆਉਂਦਾ ਹੈ ਅਤੇ ਫਿਰ ਸਾਲ ਦੇ ਨੌਵੇਂ ਮਹੀਨੇ 28 ਸਤੰਬਰ ਨੂੰ ਬਾਹਰ ਆਉਂਦਾ ਹੈ । ਇਕ ਸਾਲ ਦੇ ਵਿਚ ਦੋ ਇਨਕਲਾਬੀ ਦਿਨ ਹੁੰਦੇ ਹਨ । ਜਿਸ ਦਿਨ ਸਾਡੇ ਦੇਸ਼ ਦੇ ਨੌਜਵਾਨ ਪੀਲੀਆਂ ਪੱਗਾਂ ਬੰਨ੍ਹ ਕੇ ਮੋਟਰ ਕਾਰਾਂ ਆਦਿ ਉੱਪਰ ਚੜ੍ਹ ਬਾਜ਼ਾਰਾਂ ਵਿਚ ਜਲਸੇ ਕੱਢਦੇ ਹਨ। ਇਹ ਉਹ ਇਨਕਲਾਬੀ ਹਨ । ਜੋ ਰਾਹ ਜਾਂਦੀ ਧੀ ਭੈਣ ਨਾਲ ਛੇੜਖਾਨੀ ਕਰਦੇ ਹਨ , ਇਹ ਉਹ ਇਨਕਲਾਬੀ ਹਨ ਜੋ ਸਾਰਾ ਦਿਨ ਨਸ਼ਿਆਂ ਵਿੱਚ ਵੜੇ ਰਹਿੰਦੇ ਹਨ , ਇਹ ਉਹ ਇਨਕਲਾਬੀ ਹਨ ਜੋ ਕਿਤਾਬਾਂ ਨੂੰ ਘੱਟ ਅਤੇ ਲੋਕਾਂ ਦੀ ਸੋਚ ਸ਼ਕਤੀ ਨੂੰ ਵੱਧ ਪਿਆਰ ਕਰਦੇ ਹਨ ।
ਸਾਲ ਦੇ ਇਹ ਦੋ ਦਿਨ ਸਰਦਾਰ ਭਗਤ ਸਿੰਘ ਉੱਪਰ ਕਵਿਤਾਵਾਂ ਗੀਤ ਗਾਏ ਗਾਏ ਜਾਂਦੇ ਹਨ। ਇਨ੍ਹਾਂ ਗੀਤਾਂ ਕਵਿਤਾਵਾਂ ਨਾਲ ਕੁਝ ਨਹੀਂ ਹੋਣ ਲੱਗਾ ਇਨਕਲਾਬ ਇਨ੍ਹਾਂ ਦੋ ਦਿਨਾਂ ਨੇ ਨਹੀਂ ਲੈ ਕੇ ਆਉਣਾ । ਸਾਨੂੰ ਇਕ ਜੁੱਟ ਹੋ ਕੇ ਸਰਦਾਰ ਭਗਤ ਸਿੰਘ ਦੀ ਸੋਚ ਤੇ ਚੱਲਣਾ ਪਵੇਗਾ। ਸਾਰਾ ਸਾਲ ਇਨਕਲਾਬੀ ਗੀਤ ਇਨਕਲਾਬੀ ਕਵਿਤਾਵਾਂ ਗਾਉਣੀਆਂ ਪੈਣਗੀਆਂ । ਸਾਨੂੰ ਹੁਣ ਜਾਗਣਾ ਪਵੇਗਾ , ਦੇਸ਼ ਦੇ ਲਈ , ਆਪਣੇ ਹੱਕਾਂ ਦੀ ਖਾਤਰ ,ਆਪਣੇ ਆਪ ਨੂੰ ਸਰਕਾਰ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਦੀ ਖ਼ਾਤਰ । ਘਰਾਂ ਵਿਚ ਬਹਿ ਕੇ ਕਦੇ ਜੰਗ ਨਹੀਂ ਜਿੱਤੀ ਜਾਂਦੀ । ਉਨ੍ਹਾਂ ਦੇ ਲਈ ਸੋਚ ਵਿਚਾਰ ਕਰਨਾ ਪੈਂਦਾ ਹੈ ਪੜ੍ਹਨਾ ਪੈਂਦਾ ਹੈ  । ਉਹ ਦੇਸ਼ ਕਦੇ ਵੀ ਕਿਸੇ ਦਾ ਗੁਲਾਮ ਨਹੀਂ ਹੁੰਦਾ ਜਿਸ ਦੇਸ਼ ਦਾ ਬੱਚਾ ਬੱਚਾ ਪੜ੍ਹਦਾ ਹੈ ਕਿਤਾਬਾਂ ਨਾਲ ਪਿਆਰ ਕਰਦਾ ਹੈ । ਆਪਣੇ ਹੱਕਾਂ ਦੀ ਖ਼ਾਤਰ ਜਾਗਰੂਕ ਹੁੰਦਾ ਹੈ ।
ਕਿਉਂਕਿ
” ਵਿਚਾਰਾਂ ਦੇ ਯੁੱਧ ਵਿੱਚ ਕਿਤਾਬਾਂ ਹੀ ਹਥਿਆਰ ਹਨ “
ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ ) 
Previous articleIndia crosses 5 cr milestone in Covid-19 vaccination
Next articleमेरी कविता का दुःख