ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ

ਗੁਰਜੀਤ ਕੌਰ ਮੋਗਾ

(ਸਮਾਜ ਵੀਕਲੀ)

ਪਟਿਆਲਾ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਬਸ ਲੈਣ ਲਈ ਖੜੀ ਵਿਦਿਆਰਥੀਆਂ ਦੀ  ਭੀੜ ਵਿਚ ਮੈ ਵੀ ਉਸ ਨੂੰ ਹੋਰ ਵਧਾਉਣ ਲਈ ਸ਼ਾਮਿਲ ਹੋ ਗਈ ਸਾਂ। ਸ਼ੋਰ ਪੈ ਰਿਹਾ ਸੀ ਵਿਦਿਆਰਥੀਆਂ ਦਾ ਤੇ ਟੈਂਪੂ ਵਾਲਿਆ ਦਾ ਜੋ ਅਵਾਜ਼ਾਂ  ਦੇ ਦੇ ਕੇ ਸਵਾਰੀਆਂ ਇਕੱਠੀਆ ਕਰ ਰਹੇ  ਸਨ । ਬਹੁਤ ਗਾਹ ਪੈ ਰਿਹਾ ਸੀ ਗੱਡੀਆਂ ਕਾਰਾਂ , ਮੋਟਰਸਾਈਕਲਾਂ ਦੇ ਹੌਰਨਾਂ ਦਾ ਪਰ ਫੇਰ ਵੀ  ਕਿਤੋਂ ਹਲਕੀ ਹਲਕੀ ਅਵਾਜ ਆ ਰਹੀ ਸੀ  “ਬੱਲੇ ਨੀ ਪੰਜਾਬ ਦੀਏ ” ਸ਼ਾਇਦ ਕਿਸੇ ਦੇ ਮੋਬਾਇਲ ਤੇ  ਚੱਲ ਰਿਹਾ ਸੀ, ਬਹੁਤ ਸਕੂਨ ਦੇ ਰਿਹਾ ਸੀ। ਸਾਰੀ ਦੁਨੀਆ ਦੇ ਗਾਹ ਨੂੰ ਪਾਸੇ ਰੱਖ ਕੇ ਮੈ ਉਸ ਗੀਤ ਦੇ ਬੋਲਾਂ ਤੇ ਕੇਂਦ੍ਰਿਤ ਹੋ ਰਹੀ ਸਾਂ ।ਕਿੰਨਾ ਸਕੂਨ ਦੇ ਰਿਹਾ ਸੀ ।

ਮੈਂਨੂੰ ਮਾਣ ਨਾਲ ਭਰ ਰਿਹਾ ਸੀ । ਭੀੜ ਅੱਗੇ ਵਧੀ, ਚੰਡੀਗੜ੍ਹ ਵਾਲੀ ਬਸ ਆ ਗਈ ਸੀ ਹੁਣ ਭਾਵੇਂ ਭੀੜ ਘੱਟ ਗਈ ਸੀ ਪਰ ਸ਼ੋਰ ਵੱਧ ਗਿਆ ਸੀ। ਯੂਨੀਵਰਸਿਟੀ ਤੋਂ ਪਿੰਡਾਂ ਵਾਲੀ ਬਸ ਮਿਲ ਜਾਂਦੀ ਹੈ ਪਰ ਅੱਜ ਹੋਰ ਬੱਸਾਂ ਜਿਆਦਾ ਆ ਰਹੀਆ ਸਨ। ਪਹਿਲੀ ਵਾਰ ਮੈਂ ਸਕੂਨ ਨਾਲ ਖੜੀ ਸੀ ਉਸ ਕਵਿਤਾ ਦੀ ਖਿੱਚ ਕਰਕੇ । ਅਚਾਨਕ ਕੰਡਕਟਰ ਦੀ ਅਵਾਜ ਕੰਨਾਂ ਵਿਚ ਪਈ ਤਾਂ ਧਿਆਨ ਆਇਆ ਇਹ ਤਾਂ ਮੇਰੀ ਬਸ ਸੀ।  ਮੈ ਭੀੜ ਨੂੰ ਚੀਰ ਕੇ ਤਾਕੀ ਨੂੰ ਹੱਥ ਪਾਇਆ ਤੇ ਬੜੀ ਮੁਸ਼ਕਿਲ ਨਾਲ ਚੜ੍ਹੀ ਸੱਚਮੁਚ ਬਹੁਤ ਭੀੜ ਸੀ । ਬਸ ਵਿਚ ਵੀ ਜਿਵੇਂ ਹੜ੍ਹ ਆਇਆ ਪਿਆ ਸੀ  ਜਦੋਂ ਬਸ ਤੁਰਦੀ ਤਾਂ ਸਵਾਰੀਆਂ ਸਮੁੰਦਰ ਵਿਚਲੀ ਬੇੜੀ ਵਾਂਗ ਗੋਤੇ ਖਾਂਦੀਆਂ ਇਕ ਦੂਜੀ ਵਿਚ ਵੱਜਦੀਆ ।ਮੈ ਤਾਕੀ ਦੇ ਨਾਲ ਵਾਲੀ ਸੀਟ ਦਾ ਸਹਾਰਾ ਲੈ ਕੇ ਖੜੀ ਹੋ ਗਈ ਸਾਂ। ਮੇਰੇ ਨਾਲ ਹੀ ਇਕ ਹੋਰ ਮੇਰੇ ਹਾਣ ਦੀ ਕੁੜੀ ਖੜੀ ਸੀ।

ਕਾਲੀ ਜੀਨ, ਸਪੋਰਟਸ ਜੁੱਤੇ, ਸਟਰੇਟ ਕਰਵਾਏ ਵਾਲਾਂ ਨਾਲ ਕੀਤੀ ਉੱਚੀ ਪੋਨੀ ਅਤੇ ਆਪਣੀਆਂ ਛੋਟੀਆਂ-ਛੋਟੀਆਂ ਅੱਖਾਂ ਤੇ ਲਗਾਏ ਮੋਟੇ ਆਈਲਾਈਨਰ ਵਾਲੀ ਉਹ ਕੁੜੀ ਮੋਬਾਈਲ ਨੂੰ ਵਾਰ ਵਾਰ ਜੇਬ ਵਿਚੋਂ ਕੱਢਦੀ ਅਤੇ ਫੇਰ ਰੱਖ ਲੈਂਦੀ ।ਹਰ ਵਾਰ ਜਦੋਂ ਉਹ ਐਂਵੇਂ ਕਰਦੀ ਤਾਂ ਉਹਦੀ ਕੂਹਣੀ ਮੇਰੇ ਵੱਜਦੀ ਤੇ ਮੱਲੋ ਮੱਲੀ ਮੇਰਾ ਧਿਆਨ ਓਹਦੇ ਵੱਲ ਚਲਾ ਜਾਂਦਾ ।ਮੈ ਵੀ ਆਪਣਾ ਫੋਨ ਕੱਢ ਕੇ ਘਰੇ ਸੂਚਿਤ ਕੀਤਾ ਕਿ ਮੈਨੂੰ ਬਸ ਮਿਲ ਗਈ ਹੈ ਅਤੇ ਦੁਬਾਰਾ ਬੈਗ  ਵਿਚ ਪਾਉਣ ਲਈ ਜਦੋਂ ਝੁਕੀ ਤਾਂ ਇੱਕ ਆਵਾਜ ਕੰਨਾਂ ਵਿਚ ਪਈ ਸਮਾਨ ਮੰਗਵਾਉਣਾ ਸੀ, ਨਹੀਂ, ਕੋਈ ਨਹੀਂ.. ਮੈਂ ਆਪ ਹੀ ਐਡਜਸਟਮੈਂਟ ਕਰ  ਲਵਾਗੀਂ ਪਹਿਲੇ ਪੈਸੇ ਵੀ ਤਾਂ ਦੇਣੇ ਨੇ ਓਹਦੇ ਮੈਂ ਬਾਅਦ ਵਿੱਚ ਆਪੀ ਦੇ ਦਵਾਂਗੀ ਏਨਾ ਕਹਿ ਕੇ ਅਵਾਜ ਚੁੱਪ ਹੋ ਗਈ ਮੈ ਵੇਖਿਆ ਤਾਂ ਇਹ ਉਹੀ ਕੁੜੀ ਸੀ ਜੋ ਮੇਰੇ ਕੋਲ ਖੜੀ ਸੀ ਮੇਰੇ ਦਿਮਾਗ ਵਿਚ ਸ਼ੱਕ ਦੀਆਂ ਲਹਿਰਾਂ ਦੌੜ ਪਈਆ ।

ਉਸਦਾ  ਫੋਨ  ਫੇਰ ਵੱਜਿਆ। ਹੁਣ ਮੈ ਜਰਾ ਗੋਰ ਨਾਲ ਸੁਣਨ ਲੱਗੀ ਮੈਂ ਦੇ ਦਵਾਗੀ ਪੈਸੇ ਬਾਅਦ ਵਿੱਚ ‘ ਮੈਂ ਕਰੂੰਗੀ, ਮੈ ਕਰੂੰਗੀ , ਨਹੀਂ ਮੈ ਤਾਂ ਕਰੂੰਗੀ , ਮੈ ਪੇਪਰ ਵੀ ਲਾਊ, ਮੈਂ ਚਿੱਟਾ ਵੀ ਪੀਉੰ। ਫੋਨ ਕੱਟਿਆ ਗਿਆ ਅਵਾਜ ਚੁੱਪ ਹੋ ਗਈ। ਮੇਰਾ ਖੂਨ ਪਾਣੀ ਬਣ  ਰਿਹਾ ਸੀ ।ਕੀ ਸੁਣਿਆ ਮੈਂ …..ਨਹੀੰ ਨਹੀਂ ਸ਼ਾਇਦ ਗਲਤ ਸੁਣਿਆ। ਉਸ ਕੁੜੀ ਦੇ ਚੇਹਰੇ ਵੱਲ ਵੇਖਿਆ ਬੁੱਲ੍ਹ ਸੁੱਕੇ ਅਤੇ ਕਾਲੇ ਪਏ ਸਨ ।ਰੰਗ ਦੇ ਹਿਸਾਬ ਤੋਂ ਇਹ ਕਾਲਸ ਥੋੜੀ ਜਿਆਦਾ ਸੀ ਮੈ ਕਿਤੇ ਪੜਿਆ ਸੀ ਕਿ ਨਸ਼ਾ ਕਰਨ ਵਾਲਿਆ ਦੇ ਬੁੱਲ ਸੁੱਕ ਜਾਂਦੇ ਹਨ ਅਤੇ ਕਾਲੇ ਪੈ ਜਾਂਦੇ ਹਨ।ਇਹ ਕੁੜੀ ਨਸ਼ੇ ਕਰਦੀ ਹੈ ਕੁੜੀ ,ਨਹੀਂ ਨਹੀਂ ਕੁੜੀ ਕਿਵੇਂ ਕਰ ਸਕਦੀ ਹੈ ਪਰ ਉਹ ਕਹਿ ਰਹੀ ਸੀ।

ਮੇਰੇ ਅੰਦਰ ਸਵਾਲ ਜਵਾਬ ਅਵਾਜਾ ਸਭ ਟਕਰਾਅ ਰਹੇ ਸਨ ।ਕੰਡਕਟਰ ਆਇਆ ਤੇ ਮੈਂ ਟਿਕਟ ਕਟਵਾਈ। ਫੋਨ ਫੇਰ  ਵੱਜਿਆ ਓਹਨੇ ਚੁੱਕਿਆ ਫੇਰ ਕੱਲ੍ਹ  ਦੁਪਹਿਰ ਤੱਕ ਮੈਨੂੰ ਦੱਸ ਦੇਵੀਂ ।ਮੈ ਕੋਲ ਸੁੰਨ ਜਿਹੀ ਖੜੀ ਸੀ । ਮੈਨੂੰ ਉਹਦੀ ਅਵਾਜ ਵਿਚੋਂ ਨਸ਼ਾ ਬੋਲਦਾ ਲੱਗ ਰਿਹਾ ਸੀ ਨਹੀਂ ਯਰ ਥੋੜਾ ਜਿਹਾ ਲਿਆ ਸੀ ਮੈੰ ਬਸ ਵਿੱਚ ਹਾਂ ਨਹੀਂ, ਹੋਰ ਨਹੀਂ ਹੈ , ਨਹੀਂ ਮੇਰੇ ਕੋਲ ਨਹੀਂ ਹੈ। ਫੋਨ ਕੱਟ ਗਿਆ। ਮੈ ਕੰਬ ਰਹੀ ਸੀ ਭਾਵੇਂ ਜਨਵਰੀ ਮਹੀਨੇ ਵਿੱਚ ਠੰਡ ਬਹੁਤ ਹੁੰਦੀ ਹੈ ਪਰ ਇਹ ਕਾਂਬਾ ਠੰਡ ਦਾ ਨਹੀਂ ਸੀ ਇਹ ਅੰਦਰੂਨੀ ਕਾਂਬਾ ਸੀ ਜੋ  ਮੇਰੇ ਅੰਦਰ ਛਿੜ ਰਿਹਾ ਸੀ ਮੇਰੇ ਦਿਲ ਨੂੰ ਹਿਲਾ ਕੇ ਰੱਖ ਰਿਹਾ ਸੀ ਕਿ ਸੁਣ ਰਹੇ ਸਨ ਮੇਰੇ ਕੰਨ ਇਹਨੇ ਨਸ਼ਾ ਕੀਤਾ ਹੋਇਆ ਕੁੜੀ ਹੋ ਕੇ।

ਸੁਣਿਆ ਸੀ, ਪੜ੍ਹਿਆ ਸੀ ਪਰ ਵੇਖਿਆ ਨਹੀ ਸੀ ਅੱਖਾਂ ਚੁੱਕ ਕੁੜੀ ਵੱਲ ਫੇਰ ਵੇਖਿਆ ਉਹ ਸੀਟ ਦਾ ਸਹਾਰਾ ਲਈ ਇਵੇਂ ਖੜੀ ਸੀ ਜਿਵੇਂ ਆਪ ਵਿਚ ਜਾਨ ਨਾ ਹੋਵੇ ਅਤੇ ਮੈ ਸੋਚ ਰਹੀ ਸੀ ਕਿ ਮੇਰੇ ਵਾਂਗ ਭੀੜ ਤੋਂ ਬਚਣ ਲਈ ਏਵੇਂ ਕੀਤਾ ਹੋਣਾ। ਪਰ ਨਹੀਂ ਓਹਦੇ ਤਾਂ ਇਰਾਦੇ ਹੋਰ ਸਨ। ਓਹਦੀਆ ਅੱਖਾਂ ਦੀ ਲਾਲੀ ਪਹਿਲੀ ਵਾਰ ਪਏ ਕੱਜ਼ਲ ਨਾਲ ਹੋਣ ਵਾਲੀ ਲਾਲੀ ਨਹੀਂ ਸੀ ਇਹ ਤਾਂ ਨਸ਼ਾ ਸੀ ਜੋ ਉਹਦੀਆਂ ਅੱਖਾਂ ਨੂੰ ਚੜ੍ਹ ਆਇਆ ਸੀ ਉਹ ਫੇਰ ਫੋਨ  ਦੇਖ ਰਹੀ ਸੀ ਕੱਟ ਰਹੀ ਸੀ ਹੁਣ ਮੈ ਸੁਣ ਨਹੀਂ ਰਹੀ ਸਾਂ ਲੋਕ ਆਪੋ ਆਪਣੀ ਮਸਤੀ ਵਿਚ ਖੜੇ ਸੀ ਅਤੇ ਮੈ ਪਹਿਲੀ ਵਾਰ ਕਿਸੇ ਗਲਤੀ ਤੇ ਫੜੇ ਜਾਣ ਤੇ ਜਿਵੇਂ ਬੱਚਾ ਡਰਦਾ ਹੈ ਉਵੇਂ ਡਰ ਰਹੀ ਸਾਂ ਅੰਦਰੋਂ ਅੰਦਰੀ ਰੋ ਰਹੀ ਸਾਂ ਅਵਾਜਂ ਗੂੰਜ ਰਹੀਆ ਸਨ ਮੈਂ ਕਰੂੰਗੀ ਮੈ ਕਰੂੰਗੀ ਮੈਂ ਕਰੂੰਗੀ।ਇਹ ਕੁੜੀ ਕੌਣ ਸੀ?ਕਿਉਂ ਕਰਦੀ ਸੀ?

ਕੀਹਨੇ ਲਾਈ ਸੀ?ਮਾਪੇ ਕੌਣ ਸੀ ਇਹਦੇ ?ਧੀਆਂ ਏਵੇਂ ਨਹੀਂ ਕਰਦੀਆਂ । ਸਿਰਜਣਹਾਰੀਆਂ …….ਸਿਰਜਣਹਾਰੀਆਂ ਹੁੰਦੀਆ ਕੁੜੀਆਂ ਤਾਂ ਫੇਰ ਇਹ ਕਿਸ ਕੁਰਾਹੇ ਤੁਰ ਪਈਆ ਜੋ ਆਪਣੀ ਕੁੱਖ ਨਸ਼ੇ ਦੀ ਅੱਗ ਨਾਲ ਸਾੜ ਰਹੀਆਂ ਨੇ ਇਹਨਾਂ ਨੂੰ ਕੋਈ ਰੋਕਦਾ ਕਿਉਂ ਨਹੀਂ ? ਕਿੱਥੇ ਨੇ ਸਾਰੇ,  ਪੁਲਸ ਕਿੱਥੇ ਹੈ ?ਸਰਕਾਰ ਕਿਥੇ ਹੈ? ਰੱਬ ਕਿੱਥੇ ਹੈ? ਕਿੱਥੇ ਨੇ ਓਹਦੇ ਮਾਪੇ ਕਿ ਓਹਨਾ ਨੂੰ ਪਤਾ ਨਹੀਂ ਕਿ ਨੌਂ ਮਹੀਨੇ ਜਿਹਦਾ ਭਾਰ ਉਹਦੀ ਮਾਂ ਨੇ ਆਪਣੀ ਕੁੱਖ ਵਿਚ ਚੁੱਕਿਆ ਅੱਜ ਉਹ ਆਪਣਾ ਭਾਰ ਵੀ ਨਹੀਂ ਸੀ ਚੁੱਕ ਸਕਦੀ।

ਚੜੀ ਜਵਾਨੀ ਜੋਸ਼ ਦੀ ਬਜਾਏ ਓਹਦੀਆ ਰਗਾਂ ਵਿਚ ਨਸ਼ਾ ਦੌੜ ਰਿਹਾ ਸੀ, ਨਹੀਂ ਸਿਰਫ ਓਹਦੀਆ ਨਹੀਂ ਇਹ ਤਾਂ ਪੰਜਾਬ ਦੀਆ ਰਗਾਂ ਵਿਚ ਦੌੜ ਰਿਹਾ ਸੀ ਖਿਆਲ ਹਨੇਰੀਆ ਲਿਆ ਰਹੇ ਸੀ ।ਮੇਰਾ ਮਾਣ ਟੁੱਟ ਰਿਹਾ ਸੀ ।ਅੱਖਾਂ ਪੰਜਾਬ ਵਿਚ ਫੈਲ ਰਹੇ ਹਨੇਰ ਨੂੰ ਦੇਖ ਰਹੀਆ ਸੀ। ਸ਼ਰੀਰ ਕੰਬ ਰਿਹਾ ਸੀ ਤੇ ਹੱਥ ਪੈਰ ਸਾਥ ਦੇਣ ਤੋਂ ਮਨਾ ਕਰ ਰਹੇ ਸਨ ਅਤੇ ‘ਆਸਾ ਸਿੰਘ ਮਸਤਾਨਾ’ ਦੀ ਸਕੂਨ ਦੇਣ ਵਾਲੀ ਕਵਿਤਾ ਦੇ ਬੋਲ ਹਯੂਆ ਬਣ ਬਣ ਕੇ ਮੈਨੂੰ ਡਰਾ  ਰਹੇ ਸਨ ਅਤੇ ਗੂੰਜ ਗੂੰਜ ਪੰਜਾਬ ਦੀ ਦੁਹਾਈ ਦੇ ਰਹੇ ਸਨ …………
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ…….

ਗੁਰਜੀਤ ਕੌਰ
9814168716

Previous articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ jio ਦੇ ਟਾਵਰ ਦਾ ਕੱਟਿਆ ਕੁਨੈਕਸ਼ਨ
Next articleCong appoints Arjun Modhwadia as Gujarat campaign committee chairman