ਪੁਲੀਸ ਨੇ ਪਿਛਲੇ ਦਿਨੀ ਸ਼ਹਿਰ ਦੇ ਇੱਕ ਨਾਮਵਾਰ ਆੜ੍ਹਤੀਏ ਰਾਜੀ ਨਾਗਪਾਲ ਪੁੱਤਰ ਨਿਆਂਮਤ ਰਾਏ ਨੂੰ ਬੱਬਰ ਖਾਲਸਾ ਦੇ ਨਾਂ ਹੇਠ ਮਿਲੇ ਧਮਕੀ ਪੱਤਰ, ਜਿਸ ਵਿੱਚ ਉਨ੍ਹਾਂ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ, ਦੇ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਸੀ।
ਇਸ ਦੌਰਾਨ ਮਿਲੀਆਂ ਕੁਝ ਅਹਿਮ ਜਾਣਕਾਰੀਆਂ ਦੇ ਚੱਲਦਿਆਂ ਸੀਆਈਏ ਸਟਾਫ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਮਲੋਟ ਦੇ ਵਸਨੀਕ ਜਸਪਾਲ ਸਿੰਘ ਕੰਗ ਪੁੱਤਰ ਚੂਹੜ ਸਿੰਘ ਵਾਸੀ ਸਰਾਭਾ ਨਗਰ ਤੇ ਉਸਦੇ ਪੁੱਤਰ ਸੰਦੀਪ ਸਿੰਘ ਕੰਗ ਤੋਂ ਇਲਾਵਾ 2 ਹੋਰ ਵਿਅਕਤੀਆਂ ਬਲਜੀਤ ਸਿੰਘ ਉਰਫ ਬੱਗਾ ਪਿੰਡ ਸੁਖਨਾ ਅਬਲੂ ਤੇ ਰਾਜ ਕੁਮਾਰ ਉਰਫ ਰਾਜੂ ਸ਼ਰਮਾ ਵਾਸੀ ਪਿੰਡ ਪੰਜਾਵਾ ਨੂੰ ਸਥਾਨਕ ਪੁੱਡਾ ਪਾਰਕਿੰਗ ’ਚੋਂ ਕਾਬੂ ਕਰ ਸਖਤੀ ਨਾਲ ਪੁੱਛਗਿੱਸ਼ ਕੀਤੀ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰ ਲਿਆ।
ਪੁਲੀਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਜਸਪਾਲ ਸਿੰਘ ਨੂੰ ਆੜ੍ਹਤ ਦੇ ਕੰਮ ਵਿੱਚੋਂ ਘਾਟਾ ਪੈਣ ਕਰਕੇ ਉਸਨੇ ਆਪਣੇ ਪੁੱਤਰ ਸਮੇਤ ਦੋਂ ਹੋਰ ਇਨ੍ਹਾਂ ਵਿਅਕਤੀਆਂ ਨਾਲ ਰਲ ਕੇ ਬੱਬਰ ਖਾਲਸਾ ਦੇ ਨਾਂ ਦੀ ਫਰਜ਼ੀ ਲੈਟਰ ਪੈਡ ਤਿਆਰ ਕਰਕੇ ਅਜਿਹੇ ਕਾਰਨਾਮੇ ਨੂੰ ਅੰਜਾਮ ਦਿੱਤਾ।
ਸੀਆਈਏ ਸਟਾਫ ਦੇ ਇੰਚਾਰਜ ਪ੍ਰਤਾਪ ਸਿੰਘ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਕਿ ਉਨ੍ਹਾਂ ਸ਼ਹਿਰ ਦੇ ਹੋਰ ਵੀ ਕਈ ਵਪਾਰੀਆਂ ਤੇ ਬਿਜਨਸਮੈਨਾਂ ਨੂੰ ਫਿਰੌਤੀ ਲਈ ਧਮਕੀ ਭਰੇ ਪੱਤਰ ਲਿਖੇ ਸਨ, ਜਿਨਾਂ ’ਚ ਰਜਿੰਦਰ ਕੁਮਾਰ ਛਾਬੜਾ ਵਾਸੀ ਸਰਾਭਾ ਨਗਰ ਤੋਂ 5 ਲੱਖ ਤੇ ਭੋਲਾ ਰਾਮ ਆੜ੍ਹਤੀਆ ਵਾਸੀ ਪੰਜਾਵਾ ਤੋਂ 20 ਲੱਖ ਦੀ ਫਿਰੌਤੀ ਮੰਗੀ ਸੀ।
ਪ੍ਰੈੱਸ ਕਾਨਫਰੰਸ ਵਿੱਚ ਪਹੁੰਚੇ ਜ਼ਿਲ੍ਹਾ ਪੁਲੀਸ ਕਪਤਾਨ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਸ ਗਰੋਹ ਵੱਲੋਂ ਅੱਗੇ ਹੋਰ ਵੀ ਕਈ ਨਾਮਵਾਰ ਵਿਅਕਤੀਆਂ ਤੋਂ ਫਿਰੌਤੀ ਮੰਗਣ ਦੀ ਤਿਆਰੀ ਕੀਤੀ ਗਈ ਸੀ, ਜਿਸ ਸਬੰਧੀ ਉਨ੍ਹਾਂ ਦੀ ਤਫਤੀਸ਼ ਜਾਰੀ ਹੈ।
ਇਸ ਮੌਕੇ ਐਸਪੀ ਇਕਬਾਲ ਸਿੰਘ, ਥਾਣਾ ਸਿਟੀ ਦੇ ਇੰਚਾਰਜ ਸੁਖਜੀਤ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਪੈਰੀਵਿੰਕਲ ਸਿੰਘ ਗਰੇਵਾਲ ਆਦਿ ਹਾਜ਼ਰ ਸਨ।
INDIA ਬੱਬਰ ਖਾਲਸਾ ਦੇ ਨਾਂ ’ਤੇ ਫਿਰੌਤੀਆਂ ਮੰਗਣ ਵਾਲੇ ਚਾਰ ਕਾਬੂ