ਪਿਥੌਰਾਗੜ੍ਹ- ਬੱਦਲ ਫਟਣ ਕਾਰਨ ਸ਼ਨਿਚਰਾਵਰ ਨੂੰ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ’ਚ ਪੈਂਦੇ ਪਿੰਡ ਟਿਮਟੀਆ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਵੀਕੇ ਜੋਗਡਾਂਡੇ ਨੇ ਦੱਸਿਆ ਪਿੰਡ ਟਿਮਟੀਆ ’ਚ ਬੱਦਲ ਫਟਣ ਨਾਲ ਹੋਈ ਭਾਰੀ ਬਰਸਾਤ ਕਾਰਨ ਤੜਕੇ ਕਰੀਬ ਢਾਈ ਵਜੇ ਰਾਮ ਸਿੰਘ ਦਾ ਘਰ ਡੁੱਬ ਗਿਆ ਜਿਸ ਕਾਰਨ 60 ਸਾਲਾਂ ਦੇ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਔਰਤਾਂ ਧਾਨੀ ਦੇਵੀ (55) ਅਤੇ ਚੰਦਰਾ ਦੇਵੀ (70) ਜ਼ਖ਼ਮੀ ਹੋ ਗਈਆਂ। ਉਨ੍ਹਾਂ ਦੱਸਿਆ ਕਿ ਪੁਲੀਸ, ਸੂਬਾ ਆਫ਼ਤ ਪ੍ਰਬੰਧਨ ਬਲ ਤੇ ਸਥਾਨਕ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਵਿਸਥਾਰਿਤ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ। ਇਸੇ ਦੌਰਾਨ ਉੱਤਰਾਖੰਡ ਦੇ ਗੋਪੇਸ਼ਵਰ ਜ਼ਿਲ੍ਹੇ ’ਚ ਹੇਮਕੁੰਟ ਸਾਹਿਬ ਜਾਣ ਵਾਲੇ ਰਸਤੇ ’ਤੇ ਪੈਂਦੇ ਗੋਬਿੰਦ ਘਾਟ ’ਚ ਸ਼ਨਿਚਰਵਾਰ ਨੂੰ ਜ਼ਮੀਨ ਖ਼ਿਸਕਣ ਕਾਰਨ ਅੱਧਾ ਦਰਜਨ ਵਾਹਨ ਮਲਬੇ ਹੇਠਾਂ ਦੱਬੇ ਗਏ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐੱਨਕੇ ਜੋਸ਼ੀ ਨੇ ਦੱਸਿਆ ਕਿ ਹੁਣ ਤੱਕ ਹਾਦਸੇ ’ਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਸਿੱਖਾਂ ਦੇ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਗੋਬਿੰਦ ਘਾਟ ਅਹਿਮ ਪੜਾਅ ਹੈ। ਜ਼ਿਲ੍ਹਾ ਅਧਿਕਾਰੀ ਸਵਾਤੀ ਭਦੌੜੀਆ ਅਤੇ ਬਚਾਅ ਦਲ ਨੇ ਘਟਨਾ ਸਥਾਨ ਵੱਲ ਰਵਾਨਾ ਹੋ ਗਿਆ ਹੈ। ਬਦਰੀਨਾਥ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਆਵਾਜਾਈ ਬੰਦ ਹੈ।
HOME ਬੱਦਲ ਫਟਣ ਕਾਰਨ ਬਜ਼ੁਰਗ ਦੀ ਮੌਤ, ਦੋ ਔਰਤਾਂ ਜ਼ਖ਼ਮੀ