ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਗ੍ਰੰਥੀ ਗ੍ਰਿਫ਼ਤਾਰ

ਮੋਗਾ– ਇਥੇ ਥਾਣਾ ਧਰਮਕੋਟ ਅਧੀਨ ਪਿੰਡ ਇੰਦਰਗੜ੍ਹ ਵਿੱਚ ਗੁਰਦੁਆਰੇ ਦੇ ਗ੍ਰੰਥੀ ਦੀ ਦਿਲ ਦਹਿਲਾ ਦੇਣ ਵਾਲੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਬੱਚੀਆਂ ਨੂੰ ਪਾਠ ਸਿਖਾਉਣ ਦੇ ਬਹਾਨੇ ਗੁਰਦੁਆਰਾ ਸਾਹਿਬ ’ਚ ਆਪਣੇ ਕਮਰੇ ’ਚ ਲਿਜਾ ਕੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਗ੍ਰੰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਕਾਰਨ ਲੋਕਾਂ ’ਚ ਕਾਫ਼ੀ ਰੋਹ ਫੈਲ ਗਿਆ ਤੇ ਪੁਲੀਸ ਹਜੂਮ ’ਚੋਂ ਗ੍ਰੰਥੀ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢ ਕੇ ਥਾਣੇ ਲਿਆਂਦਾ ਗਿਆ।
ਇਥੇ ਡੀਐੱਸਪੀ ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜ਼ਮ ਗ੍ਰੰਥੀ ਗੁਰਜੀਤ ਸਿੰਘ (36) ਗੁਰੂਦੁਆਰਾ ਬਾਬਾ ਜੀਵਨ ਸਿੰਘ ਪਿੰਡ ਇੰਦਰਗੜ੍ਹ ਵਿੱਚ ਤਕਰੀਬਨ ਤਿੰਨ ਸਾਲ ਤੋਂ ਗ੍ਰੰਥੀ ਦੀ ਡਿਊਟੀ ਕਰ ਰਿਹਾ ਹੈ। ਉਹ ਗੁਰੂਦੁਆਰਾ ਸਾਹਿਬ ਵਿੱਚ ਛੋਟੇ ਬੱਚਿਆਂ ਨੂੰ ਪਾਠ ਅਤੇ ਗੁਰਬਾਣੀ ਸਿਖਾਉਂਦਾ ਹੈ। ਇਸ ਪਿੰਡ ਦੀ ਔਰਤ ਨੇ ਪੁਲੀਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਸਦੀ 9 ਸਾਲ ਦੀ ਧੀ ਤੇ ਹੋਰ ਕਈ ਬੱਚੀਆਂ ਗੁਰੂਦੁਆਰਾ ਸਾਹਿਬ ਵਿੱਚ ਪਾਠ ਸਿੱਖਣ ਲਈ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਇਹ ਬੱਚੀਆਂ ਨੇ ਕਰੀਬ 8/10 ਦਿਨ ਪਹਿਲਾਂ ਗੁਰੂਦੁਆਰਾ ਸਾਹਿਬ ਵਿੱਚ ਜਾਣਾ ਬੰਦ ਕਰ ਦਿੱਤਾ। ਬੱਚੀਆਂ ਨੇ ਮਾਪਿਆਂ ਨੂੰ ਦੱਸਿਆ ਕਿ ਮੁਲਜ਼ਮ ਗ੍ਰੰਥੀ ਪਾਠ ਸੁਣਨ ਦੇ ਬਹਾਨੇ ਉਨ੍ਹਾਂ ਨੂੰ ਕਮਰੇ ਵਿੱਚ ਲੈ ਜਾਂਦਾ ਹੈ ਤੇ ਉਨ੍ਹਾਂ ਨਾਲ ਛੇੜਛਾੜ ਤੇ ਅਸ਼ਲੀਲ ਹਰਕਤਾਂ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗ੍ਰੰਥੀ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਸੁਨੀਤਾ ਰਾਣੀ ਬਾਵਾ ਨੇ ਦੱਸਿਆ ਕਿ ਮੁਲਜ਼ਮ ਗ੍ਰੰਥੀ ਨੇੜਲੇ ਪਿੰਡ ਵਹਿਣੀਵਾਲ ਦਾ ਰਹਿਣ ਵਾਲਾ ਹੈ ਤੇ ਦੋ ਬੱਚਿਆਂ ਦਾ ਪਿਉ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਸਥਾਨਕ ਖੇਤਰੀ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਤੋਂ ਹੋਰ ਪੁੱਛਗਿੱਛ ਲਈ 2 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਨੇ ਮੁਲਜ਼ਮ ਦਾ ਇੱਕ ਰੋਜ਼ਾ ਪੁਲੀਸ ਰਿਮਾਂਡ ਮੰਨਜੂਰ ਕਰਕੇ ਪੁਲੀਸ ਹਵਾਲੇ ਕਰ ਦਿੱਤਾ।ਇਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਬੁੱਟਰ ’ਚ ਗੁਰਦੁਆਰਾ ਕੁਟੀਆ ਸਾਹਿਬ ਦੇ ਗ੍ਰੰਥੀ ਦੀ ਗੋਲਕ ’ਚੋਂ ਚੋਰੀ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਪੁਲੀਸ ਨੇ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ਉੱਤੇ ਸਾਬਕਾ ਗ੍ਰੰਥੀ ਤੇ ਪ੍ਰਚਾਰਕ ਹਰੀ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਰਦੁਆਰਾ ਕਮੇਟੀ ਪ੍ਰਧਾਨ ਜੱਥੇਦਾਰ ਹਰਮੇਲ ਸਿੰਘ, ਗਗਨਦੀਪ ਸਿੰਘ ਕਮੇਟੀ ਮੈਂਬਰ ਤੇ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਗੋਲਕ ਵਿੱਚੋਂ ਮਾਇਆ ਚੋਰੀ ਹੁੰਦੀ ਹੈ।
ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਸਾਰੇ ਕੈਮਰੇ ਚਾਲੂ ਕਰਵਾ ਦਿੱਤੇ ਤੇ ਬੀਤੇ ਦਿਨੀਂ ਜਦੋਂ ਪਿੰਡ ਵਿਚ ਨਗਰ ਕੀਰਤਨ ਸੀ ਤਾਂ ਹਰੀ ਸਿੰਘ ਨੇ ਫਿਰ ਗੋਲਕ ’ਚੋਂ ਮਾਇਆ ਚੋਰੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੋਲਕ ’ਚੋਂ ਦੋ ਵਾਰ ਪੈਸੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਜਦੋਂ ਸੀਸੀਟੀਵੀ ਕੈਮਰੇ ਦੇਖੇ ਗਏ ਤਾਂ ਗੁਰਦੁਆਰੇ ਦਾ ਸਾਬਕਾ ਗ੍ਰੰਥੀ ਹਰੀ ਸਿੰਘ ਗੋਲਕ ’ਚੋਂ ਚੋਰੀ ਕਰਦਾ ਸਾਫ਼ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਗ੍ਰੰਥੀ ਖ਼ਿਲਾਫ਼ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ ਤੇ ਚਿੱਟੇ ਦਾ ਨਸ਼ਾ ਕਰਨ ਦਾ ਵੀ ਆਦੀ ਹੈ।

Previous articleਪਾਕਿ ਫ਼ੌਜ ਮੁਖੀ ਦੇ ਕਾਰਜਕਾਲ ਵਿੱਚ ਛੇ ਮਹੀਨਿਆਂ ਦਾ ਵਾਧਾ
Next articleਪਰਾਲੀ ਮਾਮਲਾ: ਕਿਸਾਨ ਆਗੂਆਂ ਨੇ ਦਿੱਤੀਆਂ ਗ੍ਰਿਫ਼ਤਾਰੀਆਂ