ਅਕਾਲ ਤਖ਼ਤ ਦੇ ਨਵੇਂ ਥਾਪੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਮੌਕੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਦੇਸ਼ ਦੀਆਂ ਸਰਕਾਰਾਂ, ਕਾਨੂੰਨ ਤੇ ਅਦਾਲਤਾਂ ਨੂੰ ਲੋਕ ਕਟਹਿਰੇ ਵਿਚ ਖੜ੍ਹੇ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਦਰਦ ਦਿੱਤਾ ਹੈ, ਜਿਸ ਨਾਲ ਸਿੱਖਾਂ ਨੂੰ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਾਇਆ ਗਿਆ। ਪਹਿਲੀ ਵਾਰ ਹੀ ਸੰਦੇਸ਼ ਜਾਰੀ ਕਰਨ ਸਮੇਂ ਗਰਮਖਿਆਲੀ ਧਿਰਾਂ ਨਾਲ ਸਬੰਧਤ ਕਾਰਕੁਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਕਾਲੀਆਂ ਝੰਡੀਆਂ ਦਿਖਾਈਆਂ। ਇਸ ਤੋਂ ਇਲਾਵਾ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਜਗਤਾਰ ਸਿੰਘ ਹਵਾਰਾ ਅਤੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਵੱਖੋ-ਵੱਖ ਸੰਦੇਸ਼ ਜਾਰੀ ਕੀਤੇ। ਪਹਿਲਾ ਮੌਕਾ ਹੈ ਕਿ ਤਿੰਨ ਜਥੇਦਾਰਾਂ ਵੱਲੋਂ ਸਿੱਖ ਕੌਮ ਦੇ ਨਾਂ ਵੱਖ ਵੱਖ ਸੰਦੇਸ਼ ਜਾਰੀ ਕੀਤੇ।
ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗੁਰਬਾਣੀ ਦੇ ਗਿਆਨ ਨਾਲ ਦੁਨੀਆਂ ਵਿਚ ਫੈਲੇ ਅੰਧਕਾਰ ਨੂੰ ਖਤਮ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਸਾਰੀਆਂ ਪੰਥਕ ਧਿਰਾਂ ਇਕ-ਦੂਜੇ ਨੂੰ ਭੰਡਣ ਦੀ ਥਾਂ ਗੁਰਬਾਣੀ ਦੀ ਰੌਸ਼ਨੀ ਵਿਚ ਕੀਤੇ ਗੁਰਮਤਿ ਕਾਰਜਾਂ ਨੂੰ ਉਤਸ਼ਾਹਿਤ ਕਰਨ ਅਤੇ 2019 ਵਿਚ ਮਨਾਏ ਜਾਣ ਵਾਲੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਿਉਂਤਬੰਦੀ ਇਕਜੁੱਟ ਹੋ ਕੇ ਕਰਨ।
ਇਸ ਦੌਰਾਨ ਜਦੋਂ ਕਾਰਜਕਾਰੀ ਜਥੇਦਾਰ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ ਤਾਂ ਉਥੇ ਹਾਜ਼ਰ ਸਰਬੱਤ ਖ਼ਾਲਸਾ ਪ੍ਰਬੰਧਕਾਂ ਵਿਚ ਸ਼ਾਮਲ ਜਰਨੈਲ ਸਿੰਘ ਸਖੀਰਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਵਿਰੋਧ ਕੀਤਾ ਗਿਆ। ਇਕ ਧਿਰ ਨੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਅਤੇ ਸੰਤ ਭਿੰਡਰਾਂਵਾਲਾ ਪੱਖੀ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੁਤਵਾਜ਼ੀ ਜਥੇਦਾਰਾਂ ਜਗਤਾਰ ਸਿੰਘ ਹਵਾਰਾ ਅਤੇ ਧਿਆਨ ਸਿੰਘ ਮੰਡ ਪੱਖੀ ਨਾਅਰੇ ਵੀ ਲਾਏ। ਇਸ ਵਾਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਤਿੰਨ ਜਥੇਦਾਰਾਂ ਵਲੋਂ ਵੱਖ ਵੱਖ ਥਾਵਾਂ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤੇ ਗਏ ਹਨ। ਅਕਾਲ ਤਖਤ ਦੇ ਨਾਂ ’ਤੇ ਸਿੱਖ ਕੌਮ ਨੂੰ ਇਕਜੁਟ ਕਰਨ ਦੇ ਇਨ੍ਹਾਂ ਵੱਖ ਵੱਖ ਸੰਦੇਸ਼ਾਂ ਨੇ ਨਾ ਸਿੱਖ ਕੌਮ ਨੂੰ ਦੁਚਿੱਤੀ ਵਿਚ ਪਾਇਆ ਹੈ। ਸਰਬੱਤ ਖ਼ਾਲਸਾ 2015 ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਜੇਲ੍ਹ ਵਿਚੋਂ ਲਿਖਿਆ ਸੰਦੇਸ਼ ਜਾਰੀ ਹੋਇਆ ਹੈ, ਜਿਸ ਵਿਚ ਬੰਦੀ ਛੋੜ ਦਿਵਸ ਦੇ ਇਤਿਹਾਸ ਨੂੰ ਦੱਸਦਿਆਂ ਸਿੱਖ ਕੌਮ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕਰਦਿਆਂ ਅਕਾਲ ਤਖ਼ਤ ਦੀ ਪ੍ਰਭੂਸੱਤਾ ਦੇ ਸਿਧਾਂਤ ਨੂੰ ਸਵਾਰਥੀ ਸਿਆਸਤਦਾਨਾਂ ਦੇ ਚੁੰਗਲ ਵਿਚੋਂ ਮੁਕਤ ਕਰਾਉਣ ਲਈ ਆਖਿਆ ਹੈ। ਪੰਥਕ ਏਕਤਾ ਨੂੰ ਜ਼ਰੂਰੀ ਦੱਸਦਿਆਂ ਸਿੱਖ ਕੌਮ ਦੇ ਹਿੱਤਾਂ ਲਈ ‘ਵਰਲਡ ਸਿੱਖ ਪਾਰਲੀਮੈਂਟ’ ਦੀ ਸਥਾਪਨਾ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੌਰਾਨ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਵੱਖਰਾ ਸੰਦੇਸ਼ ਜਾਰੀ ਕੀਤਾ ਹੈ।
INDIA ਬੰਦੀ ਛੋੜ ਦਿਵਸ: ਤਿੰਨ ਜਥੇਦਾਰਾਂ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ