ਬੰਗਾਲ ਤੇ ਗੁਜਰਾਤ ਵੱਲੋਂ ਠੋਸ ਸ਼ੁਰੂਆਤ

ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਮੈਚ ਵਿੱਚ ਬੰਗਾਲ ਨੇ ਉੜੀਸਾ ਖ਼ਿਲਾਫ ਅਨੁਸਤਪ ਮਜੂਮਦਾਰ (136) ਦੇ ਸੈਂਕੜੇ ਅਤੇ ਸ਼ਾਹਬਾਜ਼ ਅਹਿਮਦ ਦੀਆਂ 84 ਦੌੜਾਂ ਦੀ ਮਦਦ ਨਾਲ ਪਹਿਲੇ ਦਿਨ 6 ਵਿਕਟਾਂ ਗੁਆ ਕੇ 308 ਦੌੜਾਂ ਬਣਾ ਲਈਆਂ ਹਨ। ਬੰਗਾਲ ਦੀ ਪਾਰੀ ਦੀ ਸ਼ੁਰੁਆਤ ਕੁਝ ਖਾਸ ਨਹੀਂ ਰਹੀ ਅਤੇ ਉਸਦੇ ਪਹਿਲੇ ਪੰਜ ਬੱਲੇਬਾਜ਼ਾਂ ਵਿੱਚੋਂ ਚਾਰ ਦਹਾਈ ਦਾ ਅੰਕੜਾ ਵੀ ਨਾ ਛੂਹ ਸਕੇ। ਅਰਨਬ ਨੰਦੀ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਟੀਮ ਖਰਾਬ ਹਾਲਤ ਨੂੰ ਸੰਭਾਲਦਿਆਂ ਏ. ਮਜੂਮਦਾਰ ਅਤੇ ਸ਼ਾਹਬਾਜ਼ ਅਹਿਮਦ ਨੇ ਉੜੀਸਾ ਦੇ ਗੇਂਦਬਾਜ਼ਾਂ ਦੇ ਡਟ ਕੇ ਸਾਹਮਣਾ ਕੀਤਾ। ਮਜੂਮਦਾਰ ਨੇ 194 ਗੇਂਦਾਂ ਦਾ ਸਾਹਮਣਾ ਕਰਦਿਆਂ 136 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਜਦਕਿ ਸ਼ਾਹਬਾਜ਼ ਅਹਿਮਦ 84 ਦੌੜਾਂ ਬਣਾ ਕੇ ਅਜੇਤੂ ਹਨ। ਉੜੀਸਾ ਵੱਲੋਂ ਸੂਰਿਆਕਾਂਤ ਪ੍ਰਧਾਨ ਤੇ ਕੰਵਰ ਸਿੰਘ ਚੌਹਾਨ ਨੇ 2-2 ਜਦਕਿ ਬਸੰਤ ਮੋਹੰਤੀ ਤੇ ਦੇਬਾਬਰਾਤਾ ਪੋਡਰ ਨੇ 1-1 ਵਿਕਟ ਹਾਸਲ ਕੀਤੀ।
ਵਲਸਾਡ (ਗੁਜਰਾਤ): ਗੁਜਰਾਤ ਨੇ ਗੋਆ ਵਿਰੁੱਧ ਕੁਆਰਟਰ ਫਾਈਨਲ ਮੈਚ ਦੇ ਪਹਿਲੇ ਦਿਨ 304 ਦੌੜਾਂ ਬਣਾ ਕੇ ਠੋਸ ਸ਼ੁਰੂਆਤ ਕੀਤੀ। ਜਦਕਿ ਉਸਦੇ ਚਾਚ ਖਿਡਾਰੀ ਆਊਟ ਹੋਏ ਹਨ। ਗੁਜਰਾਤ ਦੇ ਕਪਤਾਨ ਪਾਰਥਿਵ ਪਟੇਲ (118 ਅਜੇਤੂ) ਨੇ ਸੈਂਕੜਾ ਅਤੇ ਸਲਾਮੀ ਬੱਲੇਬਾਜ਼ ਸਮਿਤ ਗੋਹੇਲ ਨੇ 52 ਨੇ ਨੀਮ ਸੈਂਕੜਾ ਮਾਰ ਕੇ ਟੀਮ ਨੂੰ ਮਜ਼ਬੂਤ ਸਕੋਰ ਬਣਾਉਣ ’ਚ ਮਦਦ ਕੀਤੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਸਮੇਂ ਚਿਰਾਗ ਗਾਂਧੀ 40 ਦੌੜਾਂ ਬਣਾ ਕੇ ਕਪਤਾਨ ਪਟੇਲ ਨਾਲ ਅਜੇਤੂ ਪਵੇਲੀਵਨ ਮੁੜੇ। ਗੋਆ ਵੱਲੋਂ ਅਮਿਤ ਵਰਮਾ ਨੇ ਦੋ ਜਦਕਿ ਦਰਸ਼ਨ ਮਿਸਲ ਅਤੇ ਲਕਸ਼ੈ ਗਰਗ ਨੇ 1-1 ਵਿਕਟ ਲਈ।
ਅੰਗੋਲ (ਆਂਧਰਾ ਪ੍ਰਦੇਸ਼): ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਮੈਚ ਵਿੱਚ ਸੌਰਾਸ਼ਟਰ ਨੇ ਆਂਧਰਾ ਪ੍ਰਦੇਸ਼ ਖ਼ਿਲਾਫ਼ ਪਹਿਲੇ ਦਿਨ 6 ਵਿਕਟਾਂ ਗੁਆ ਕੇ 226 ਦੌੜਾਂ ਬਣਾ ਲਈਆਂ ਹਨ। ਟੀਮ ਵੱਲੋਂ ਵਿਸ਼ਵਰਾਜ ਜਡੇਜਾ ਨੇ 73, ਚਿਰਾਗ ਜਾਨੀ ਨੇ ਅਜੇਤੂ 53 ਅਤੇ ਸ਼ੈਲਡਨ ਜੈਕਸਨ ਨੇ 50 ਨੇ ਨੀਮ ਸੈਂਕੜਿਆਂ ਦੀ ਪਾਰੀ ਖੇਡੀ। ਮੇਜ਼ਬਾਨ ਟੀਮ ਵੱਲੋਂ ਤੇਜ਼ ਗੇਂਦਬਾਜ਼ ਪ੍ਰਿਥਵੀ ਰਾਜ 51 ਦੌੜਾਂ ਦੇ ਕੇ ਤਿੰਨ ਵਿਕਟਾਂ ਲਈ ਜਦਕਿ ਕੇ.ਵੀ. ਸ਼ਸ਼ੀਕਾਂਤ ਨੇ ਦੋ ਵਿਕਟਾਂ ਹਾਸਲ ਕੀਤੀਆਂ।
ਜੰਮੂ (ਜੰਮੂ ਤੇ ਕਸ਼ਮੀਰ): ਕਰਨਾਟਕ ਨੇ ਜੰਮੂ ਕਸ਼ਮੀਰ ਵਿਰੁੱਧ ਖਰਾਬ ਮੌਸਮ ਕਾਰਨ ਪ੍ਰਭਾਵਿਤ ਕੁਆਰਟਰ ਫਾਈਨਲ ’ਚ ਪਹਿਲੇ ਦਿਨ ਦੋ ਵਿਕਟਾਂ ’ਤੇ 14 ਦੌੜਾਂ ਬਣਾਈਆਂ। ਪਹਿਲੇ ਦਿਨ ਮੀਂਹ ਕਾਰਨ ਸਿਰਫ 6 ਓਵਰਾਂ ਦੀ ਖੇਡ ਹੋ ਸਕੀ। ਕਰਨਾਟਕ ਦੇ ਬੱਲੇਬਾਜ਼ ਰਵੀਕੁਮਾਰ ਸਮਰਥ 5 ਅਤੇ ਦੇਵਦੱਤ ਪੱਡੀਕਲ 2 ਦੌੜਾਂ ਬਣਾ ਕੇ ਆਊਟ ਹੋਏ। ਜੰਮੂ ਕਸ਼ਮੀਰ ਵੱਲੋ ਆਕਿਬ ਅਲੀ ਅਤੇ ਮੁਜਤਬਾ ਯੂਸਫ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

Previous articleਮੁੱਖ ਮੰਤਰੀ ਵੱਲੋਂ ਜੇਲ੍ਹਾਂ ਵਿੱਚ ਵਿਆਪਕ ਸੁਧਾਰਾਂ ਨੂੰ ਪ੍ਰਵਾਨਗੀ
Next articleਪੰਜਾਬ ਪੁਲੀਸ ਤੇ ਖਾਲਸਾ ਕਾਲਜ ਮਾਹਿਲਪੁਰ ਬਣੇ ਚੈਂਪੀਅਨ