ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਜਾਰੀ ਪ੍ਰਦਰਸ਼ਨਾਂ ਦਰਮਿਆਨ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਬੰਗਾਲ ਵੀ ਭਾਰਤ ਦਾ ਹਿੱਸਾ ਹੈ। ਇਸ ਲਈ ਉਸ ਨੂੰ ਦੇਸ਼ ਦੀ ਸੰਸਦ ਤੋਂ ਪਾਸ ਸੀਏਏ ਨੂੰ ਲਾਗੂ ਕਰਨਾ ਹੀ ਪਵੇਗਾ। ਕਾਨੂੰਨ ਦੇ ਅਮਲ ‘ਤੇ ਸਰਕਾਰ ਅਟਲ ਹੈ ਤੇ ਇਸ ਨੂੰ ਹਰਗਿਜ਼ ਵਾਪਸ ਨਹੀਂ ਲਿਆ ਜਾਵੇਗਾ।
ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨਕਵੀ ਨੇ ਐਤਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਤੋਂ ਪਾਸ ਕਿਸੇ ਵੀ ਕਾਨੂੰਨ ਨੂੰ ਸਾਰੇ ਸੂਬਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਬੰਗਾਲ ਵੀ ਦੇਸ਼ ਦਾ ਹਿੱਸਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ ਤੇ ਭਾਰਤੀ ਸੰਵਿਧਾਨ ਬਾਰੇ ਕੁਝ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਇਹ ਪੂਰੀ ਤਰ੍ਹਾਂ ਗ਼ੈਰਸੰਵਿਧਾਨਕ ਤੇ ਅਸੰਭਵ ਹੈ ਕਿ ਸੰਸਦ ਤੋਂ ਪਾਸ ਕਿਸੇ ਕਾਨੂੰਨ ਦੀ ਕੋਈ ਸੂਬਾ ਉਲੰਘਣਾ ਕਰੇ। ਜੋ ਲੋਕ ਜਨਤਾ ਨੂੰ ਗੁਮਰਾਹ ਕਰ ਰਹੇ ਹਨ ਉਹ ਦੇਸ਼ ‘ਚ ਸ਼ਾਂਤੀ ਤੇ ਭਾਈਚਾਰਾ ਨਹੀਂ ਰਹਿਣ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸੀਏਏ ਸਿਰਫ਼ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ‘ਚ ਧਾਰਮਿਕ ਆਧਾਰ ‘ਤੇ ਤੰਗ ਕੀਤਾ ਗਿਆ ਹੈ। ਜੋ ਲੋਕ ਭੀੜ ਨੂੰ ਭੜਕਾ ਰਹੇ ਹਨ ਉਹ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹਨ। ਨਕਵੀ ਨੇ ਕਿਹਾ ਕਿ ਭਾਰਤ ‘ਚ ਮੁਸਲਮਾਨ ਮਜ਼ਬੂਤੀ ਨਾਲ ਰਹਿ ਰਿਹਾ ਹੈ ਨਾ ਕਿ ਮਜਬੂਰੀ ਨਾਲ। ਮੈਂ ਭਾਰਤੀ ਮੁਸਲਮਾਨਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਦਾ ਸਮਾਜਿਕ, ਆਰਥਿਕ, ਧਾਰਮਿਕ ਤੇ ਸੰਵਿਧਾਨਕ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਘੱਟਗਿਣਤੀਆਂ ਲਈ ਭਾਰਤ ਸਭ ਤੋਂ ਸੁਰੱਖਿਅਤ ਥਾਂ ਹੈ।