ਆਈਪੀਐਲ ਟੀ-20 ਦੇ ਚਾਲੂ ਸੀਜ਼ਨ ਦਾ 28ਵਾਂ ਮੈਚ ਸ਼ਨਿੱਚਰਵਾਰ ਨੂੰ ਰਾਤੀਂ ਅੱਠ ਵਜੇ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਰੌਇਲ ਚੈਲੰਜਰਜ਼ ਬੰਗਲੌਰ ਵਿਚਾਲੇ ਹੋਵੇਗਾ। ਦੋਵੇਂ ਟੀਮਾਂ ਨੇ ਮੁਹਾਲੀ ਪਹੁੰਚ ਕੇ ਗਰਾਊਂਡ ਵਿੱਚ ਅਭਿਆਸ ਕੀਤਾ। ਲਗਾਤਾਰ ਛੇ ਮੈਚ ਹਾਰ ਚੁੱਕੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਰਸੀਬੀ ਲਈ ਇਹ ਮੈਚ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੋਵੇਗਾ। ਉਸ ਨੂੰ ਪਲੇਆਫ਼ ਵਿੱਚ ਪਹੁੰਚਣ ਲਈ ਅਗਲੇ ਅੱਠ ਮੈਚ ਹਰ ਹਾਲ ਜਿੱਤਣੇ ਹੋਣਗੇ। ਮੁਹਾਲੀ ਵਿੱਚ ਦਰਸ਼ਕਾਂ ਲਈ ਪਾਰਕਿੰਗ ਅਤੇ ਆਵਾਜਾਈ ਲਈ ਰੂਟ ਪਲਾਨ ਦੀ ਪਿਛਲੇ ਮੈਚਾਂ ਵਾਲੇ ਵਿਉਂਤਬੰਦੀ ਨੂੰ ਦੁਹਰਾਇਆ ਗਿਆ ਹੈ। ਆਰ ਅਸ਼ਵਿਨ ਦੀ ਕਪਤਾਨੀ ਵਾਲੀ ਕਿੰਗਜ਼ ਇਲੈਵਨ ਪੰਜਾਬ ਹੁਣ ਤੱਕ ਸੱਤ ਮੈਚ ਖੇਡ ਚੁੱਕੀ ਹੈ, ਜਿਨ੍ਹਾਂ ਵਿੱਚ ਚਾਰ ਮੈਚ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਪੰਜਾਬ ਦਾ ਮੁਹਾਲੀ ਵਿੱਚ ਇਹ ਚੌਥਾ ਮੁਕਾਬਲਾ ਹੈ ਤੇ ਇੱਥੇ ਹੋਏ ਪਹਿਲੇ ਤਿੰਨ ਮੁਕਾਬਲਿਆਂ ਵਿੱਚ ਮੇਜ਼ਬਾਨ ਟੀਮ ਨੇ ਜਿੱਤਾਂ ਦਰਜ ਕੀਤੀਆਂ ਹਨ। ਕ੍ਰਿਸ ਗੇਲ ਦੇ ਜਖ਼ਮੀ ਹੋਣ ਕਾਰਨ ਇਸ ਮੈਚ ਵਿੱਚ ਉਸ ਦੇ ਖੇਡਣ ਦੀ ਸੰਭਾਵਨਾ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੈ। ਆਰਸੀਬੀ ਨੇ ਹੁਣ ਤੱਕ ਛੇ ਮੈਚ ਖੇਡੇ ਹਨ ਤੇ ਕਿਸੇ ਵੀ ਮੈਚ ਵਿੱਚ ਜਿੱਤ ਹਾਸਿਲ ਨਹੀਂ ਕਰ ਸਕੀ। ਪੰਜਾਬ ਦੀ ਟੀਮ ਅੰਕ ਸੂਚੀ ਵਿੱਚ ਚੌਥੇ ਨੰਬਰ ’ਤੇ ਹੈ ਅਤੇ ਉਸਦੇ ਚਾਰ ਮੈਚਾਂ ਤੋਂ ਅੱਠ ਅੰਕ ਹਨ। ਆਰਸੀਬੀ ਦੀ ਟੀਮ ਅੰਕ ਸੂਚੀ ਵਿੱਚ ਸਭ ਤੋਂ ਥੱਲੇ ਹੈ ਤੇ ਉਸਦਾ ਕੋਈ ਅੰਕ ਨਹੀਂ ਹੈ। ਆਰਸੀਬੀ ਦੇ ਖਿਡਾਰੀ ਸਿਫ਼ਰ ਦੇ ਅੰਕ ਨੂੰ ਤੋੜਨ ਲਈ ਮੁਹਾਲੀ ਮੈਚ ਵਿੱਚ ਪੂਰਾ ਜ਼ੋਰ ਲਾਉਣ ਲਈ ਤਤਪਰ ਹਨ। ਦੋਵੇਂ ਟੀਮਾਂ ਦੇ ਕੋਚਾਂ ਨੇ ਆਪੋ ਆਪਣੀ ਰਣਨੀਤੀ ਐਲਾਨਿਆਂ ਮੁਕਾਬਲੇ ਨੂੰ ਬਹੁਤ ਅਹਿਮ ਦੱਸਿਆ।
Sports ਬੰਗਲੌਰ ਦਾ ਪੰਜਾਬ ਨਾਲ ‘ਕਰੋ ਜਾਂ ਮਰੋ’ ਮੁਕਾਬਲਾ ਅੱਜ