‘ਕੈਪਟਨ ਕੂਲ’ ਨੂੰ ਅੰਪਾਇਰ ਨਾਲ ਤਲਖ਼ੀ ਮਹਿੰਗੀ ਪਈ

‘ਕੈਪਟਨ ਕੂਲ’ ਵਜੋਂ ਮਸ਼ਹੂਰ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਰਾਜਸਥਾਨ ਰੌਇਲਜ਼ ਖ਼ਿਲਾਫ਼ ਆਈਪੀਐਲ ਮੈਚ ਦੌਰਾਨ ਅੰਪਾਇਰ ਨਾਲ ਬਹਿਸਣਾ ਮਹਿੰਗਾ ਪੈ ਗਿਆ। ਉਸ ਨੂੰ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਲਾਇਆ ਗਿਆ, ਪਰ ਪਾਬੰਦੀ ਤੋਂ ਬਚ ਗਿਆ। ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ, ਜਦੋਂ ‘ਕੈਪਟਨ ਕੂਲ’ ਆਪੇ ਤੋਂ ਬਾਹਰ ਹੋਇਆ ਹੈ ਅਤੇ ਅੰਪਾਇਰ ਉਲਹਾਸ ਗਾਂਧੇ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਮੈਦਾਨ ਤੱਕ ਆ ਗਿਆ। ਬੀਸੀਸੀਆਈ ਨੇ ਕਿਹਾ, ‘‘ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਐਮਐਸ ਧੋਨੀ ’ਤੇ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਉਸ ਨੇ ਜੈਪੁਰ ਵਿੱਚ ਰਾਜਸਥਾਨ ਰੌਇਲਜ਼ ਖ਼ਿਲਾਫ਼ ਮੈਚ ਦੌਰਾਨ ਆਈਪੀਐਲ ਜ਼ਾਬਤੇ ਦੀ ਉਲੰਘਣਾ ਕੀਤੀ ਹੈ।’’ ਗਾਂਧੇ ਨੇ ਰੌਇਲਜ਼ ਦੇ ਗੇਂਦਬਾਜ਼ ਬੇਨ ਸਟੌਕਸ ਦੀ ਲੱਕ ਤੋਂ ਉਪਰ ਜਾਂਦੀ ਇੱਕ ਗੇਂਦ ਨੋ-ਬਾਲ ਦਿੱਤੀ ਸੀ, ਪਰ ਸਕੁਐਰ ਲੈੱਗ ਅੰਪਾਇਰ ਬਰੂਸ ਓਕਸੇਨਫੋਰਡ ਨਾਲ ਸਲਾਹ ਮਗਰੋਂ ਫ਼ੈਸਲਾ ਵਾਪਸ ਲੈ ਲਿਆ ਗਿਆ। ਬਿਆਨ ਵਿੱਚ ਕਿਹਾ ਗਿਆ, ‘‘ਧੋਨੀ ਨੇ ਅਪਰਾਧ ਅਤੇ ਸਜ਼ਾ ਕਬੂਲ ਕਰ ਲਈ ਹੈ।’’ ਗਾਂਧੇ ਨੇ ਜਦੋਂ ਨੋ-ਬਾਲ ਦਾ ਫ਼ੈਸਲਾ ਬਦਲਿਆ ਤਾਂ ਧੋਨੀ ਗੁੱਸੇ ਵਿੱਚ ਉਨ੍ਹਾਂ ਵੱਲ ਇਸ਼ਾਰਾ ਕਰਦਾ ਨਜ਼ਰ ਆਇਆ। ਓਕਸੇਨਫੋਰਡ ਦੇ ਸਮਝਾਉਣ ਮਗਰੋਂ ਉਹ ਡਗ-ਆਊਟ ਵਿੱਚ ਗਿਆ। ਚੇਨੱਈ ਨੇ ਹਾਲਾਂਕਿ ਉਹ ਮੈਚ ਚਾਰ ਵਿਕਟਾਂ ਨਾਲ ਜਿੱਤ ਲਿਆ ਸੀ। ਆਈਸੀਸੀ ਦੇ ਜ਼ਾਬਤੇ ਤਹਿਤ ਅੰਪਾਇਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ’ਤੇ ਖਿਡਾਰੀ ਉਪਰ ਇੱਕ ਟੈਸਟ ਜਾਂ ਦੋ ਇੱਕ ਰੋਜ਼ਾ ਮੈਚ ਖੇਡਣ ਦੀ ਪਾਬੰਦੀ ਲੱਗ ਸਕਦੀ ਹੈ। ਦੂਜੇ ਪਾਸੇ ਸੁੰਦਰਮ ਰਵੀ ਅਤੇ ਉਲਹਾਸ ਗਾਂਧੇ ਦੀਆਂ ਗ਼ਲਤੀਆਂ ਨਾਲ ਆਈਪੀਐਲ ਵਿੱਚ ਅਪਾਈਰਿੰਗ ਦੇ ਪੱਧਰ ’ਤੇ ਸਵਾਲ ਉੱਠ ਰਹੇ ਹਨ, ਪਰ ਮਹਿੰਦਰ ਸਿੰਘ ਧੋਨੀ ਨੇ ਜਨਤਕ ਤੌਰ ’ਤੇ ਆਪਣਾ ਗੁੱਸਾ ਜ਼ਾਹਰ ਕਰਕੇ ਇਹ ਬਹਿਸ ਛੇੜ ਦਿੱਤੀ ਕਿ ਕੀ ਸਟਾਰ ਖਿਡਾਰੀ ਮੈਚ ਅਧਿਕਾਰੀਆਂ ਨੂੰ ਆਸਾਨੀ ਨਾਲ ਧਮਕਾ ਦਿੰਦੇ ਹਨ। ਮਸ਼ਹੂਰ ਅੰਪਾਇਰ ਕੇ ਹਰੀਹਰਨ ਨੇ ਕਿਹਾ, ‘‘ਸਟਾਰ ਖਿਡਾਰੀ ਅੰਪਾਇਰਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਅੰਪਾਇਰਾਂ ਨੇ ਵੇਖਣਾ ਹੈ ਕਿ ਉਹ ਦਬਾਅ ਵਿੱਚ ਆਉਂਦੇ ਹਨ ਜਾਂ ਨਹੀਂ। ਇਹ ਅੰਪਾਇਰਾਂ ਦੀ ਸ਼ਖ਼ਸੀਅਤ ’ਤੇ ਨਿਰਭਰ ਕਰਦਾ ਹੈ।’’

Previous articleਫੌਜ ਦੇ ‘ਸਿਆਸੀਕਰਨ’ ਖ਼ਿਲਾਫ਼ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ
Next articleਬੰਗਲੌਰ ਦਾ ਪੰਜਾਬ ਨਾਲ ‘ਕਰੋ ਜਾਂ ਮਰੋ’ ਮੁਕਾਬਲਾ ਅੱਜ