ਢਾਕਾ (ਸਮਾਜਵੀਕਲੀ): ਬੰਗਲਾਦੇਸ਼ ਦੀ ਬੜੀਗੰਗਾ ਨਦੀ ’ਚ ਇੱਕ ਵੱਡੇ ਜਹਾਜ਼ ਨਾਲ ਟਕਰਾਉਣ ਮਗਰੋਂ ਕਿਸ਼ਤੀ ਪਲਟਣ ਕਾਰਨ 32 ਜਣੇ ਡੁੱਬ ਗਏ ਜਦਕਿ 10 ਜਣੇ ਲਾਪਤਾ ਹਨ। ਕਿਸ਼ਤੀ ਵਿੱਚ 100 ਤੋਂ ਯਾਤਰੀ ਸਵਾਰ ਸਨ। ਬੰਗਲਾਦੇਸ਼ ਅੰਤਰਦੇਸ਼ੀ ਜਲ ਆਵਾਜਾਈ ਅਥਾਰਿਟੀ (ਬੀ.ਆਈ.ਡਬਲਿਊ.ਟੀ.ਏ.) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਚਾਲਕਾਂ ਦੀ ਅਣਗਹਿਲੀ ਕਾਰਨ ਵਾਪਰਿਆ ਲੱਗਦਾ ਹੈ।
ਅਧਿਕਾਰੀ ਮੁਤਾਬਕ ਇਹ ਹਾਦਸਾ ਪੁਰਾਣੇ ਢਾਕਾ ਦੇ ਸ਼ਿਆਮਬਾਜ਼ਾਰ ਖੇਤਰ ਦੇ ਨਾਲ ਲੱਗਦੀ ਬੜੀਗੰਗਾ ਨਦੀ ’ਚ ਸਵੇਰੇ ਲੱਗਪਗ 9:30 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 32 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਨਿਊਜ਼ ਚੈਨਲਾਂ ਦੀਆਂ ਖ਼ਬਰਾਂ ਮੁਤਾਬਕ ਮ੍ਰਿਤਕਾਂ ਵਿੱਚ 5 ਔਰਤਾਂ ਤੇ 2 ਬੱਚੇ ਵੀ ਸ਼ਾਮਲ ਹਨ।