ਬੜਮਾਜਰਾ ਪੇਂਟਰ ਦੇ ਕਤਲ ਸਬੰਧੀ 3 ਗ੍ਰਿਫ਼ਤਾਰ

ਐੱਸਏਐੱਸ ਨਗਰ (ਮੁਹਾਲੀ) (ਸਮਾਜਵੀਕਲੀ):  ਬਲੌਂਗੀ ਪੁਲੀਸ ਨੇ 72 ਘੰਟਿਆਂ ਬਾਅਦ ਪਿੰਡ ਬੜਮਾਜਰਾ ਵਿੱਚ ਪੇਂਟਰ ਸੰਜੇ ਯਾਦਵ (35) ਦੇ ਕਤਲ ਸਬੰਧੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮਨੋਜ ਕੁਮਾਰ ਵਾਸੀ ਬਲੌਂਗੀ, ਪਰਦੀਪ ਕੁਮਾਰ ਉਰਫ਼ ਕੱਲੂ ਵਾਸੀ ਫੇਜ਼-1 ਅਤੇ ਰਾਜ ਕੁਮਾਰ ਵਾਸੀ ਮਦਨਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

27 ਜੂਨ ਦੀ ਰਾਤ ਨੂੰ ਪੇਂਟਰ ਸੰਜੇ ਯਾਦਵ ਨੇ ਮੁਲਜ਼ਮਾਂ ਨੂੰ ਗਲੀ ਵਿੱਚ ਪਿਸ਼ਾਬ ਕਰਨ ਤੋਂ ਰੋਕਿਆ ਸੀ ਪਰ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਕੂ ਅਤੇ ਸਿਰ ਵਿੱਚ ਇੱਟਾਂ ਮਾਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਦੇ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਐੱਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ, ਡੀਐੱਸਪੀ ਪਾਲ ਸਿੰਘ ਦੀ ਨਿਗਰਾਨੀ ਹੇਠ ਬਲੌਂਗੀਂ ਥਾਣਾ ਦੇ ਐੱਸਐੱਚਓ ਇੰਸਪੈਕਟਰ ਅਮਰਦੀਪ ਸਿੰਘ, ਵਧੀਕ ਐੱਸਐੱਚਓ ਨਿਸ਼ਾਨ ਸਿੰਘ ਅਤੇ ਏਐੱਸਆਈ ਕੇਵਲ ਸਿੰਘ ਦੀ ਅਗਵਾਈ ਵਾਲੀ ਟੀਮ ਅਹਿਮ ਭੂਮਿਕਾ ਨਿਭਾਈ ਗਈ।

ਪੇਂਟਰ ਦੀ ਹੱਤਿਆ ਕਰਨ ਲਈ ਅੱਠ ਵਿਅਕਤੀਆਂ ਦੀ ਸ਼ਮੂਲੀਅਤ ਸੀ। ਛੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ, ਜਿਨ੍ਹਾਂ ਵਿੱਚ ਮਨੋਜ ਕੁਮਾਰ, ਪਰਦੀਪ ਕੁਮਾਰ, ਰਾਜ ਕੁਮਾਰ, ਬਲਵੰਤ, ਰੋਹਤਾਸ ਉਰਫ਼ ਭਾਯਾ ਅਤੇ ਚੰਦੂ ਸ਼ਾਮਲ ਹਨ।

Previous articleਹਰਿਆਣਾ ’ਚ 27 ਜੁਲਾਈ ਤੋਂ ਖੁੱਲ੍ਹਣਗੇ ਸਕੂਲ
Next articleਤਾਮਿਲ ਨਾਡੂ: ਥਰਮਲ ਪਲਾਂਟ ਦਾ ਬਾਇਲਰ ਫਟਿਆ; 6 ਮੌਤਾਂ