ਬਖ਼ਤਗੜ੍ਹ ਦੇ ਦੋਵੇਂ ਛੱਪੜ ਹੋਏ ਓਵਰਫ਼ਲੋਅ

ਪਿੰਡ ਬਖ਼ਤਗੜ੍ਹ ਨਿਵਾਸੀਆਂ ਦਾ ਗੰਦੇ ਪਾਣੀ ਦੀ ਸਮੱਸਿਆ ਨੇ ਜਿਉਣਾ ਦੁੱਭਰ ਕਰ ਦਿੱਤਾ ਹੈ। ਪਿਛਲੇ 10 ਸਾਲਾਂ ਤੋਂ ਪਿੰਡ ਵਾਸੀ ਇਸ ਪ੍ਰੇਸ਼ਾਨੀ ਦਾ ਸੰਤਾਪ ਹੰਢਾਅ ਰਹੇ ਹਨ। ਪਿੰਡ ਵਿੱਚ ਬਣਿਆ ਸੀਚੇਵਾਲ ਮਾਡਲ ਵੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਿਆ। ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਜ਼ਿਲਾ ਪ੍ਰਸ਼ਾਸਨ ’ਤੇ ਕਿਸੇ ਕਿਸਮ ਦੀ ਸੁਣਵਾਈ ਨਾ ਕਰਨ ਦੇ ਵੀ ਦੋਸ਼ ਲਗਾਏ ਗਏ ਹਨ।
ਪਿੰਡ ਦੀ ਸਰਪੰਚ ਹਰਜੀਤ ਕੌਰ, ਤਰਨਜੀਤ ਸਿੰਘ ਦੁੱਗਲ, ਪੰਚ ਰਾਜਾ ਸਿੰਘ, ਬਲਤੇਜ ਸਿੰਘ, ਕਰਨੈਲ ਸਿੰਘ ਅਤੇ ਨਛੱਤਰ ਸਿੰਘ ਨੇ ਦੱਸਿਆ ਕਿ 2018 ਵਿੱਚ ਗੰਦੇ ਪਾਣੀ ਦੀ ਛੱਪੜਾਂ ਤੋਂ ਨਿਕਾਸੀ ਖੇਤਾਂ ਵਿੱਚ ਕਰਨ ਲਈ ਪੰਚਾਇਤੀ ਰਾਜ ਅਧੀਨ ਪਾਈਪਾਂ ਪਾਈਆਂ ਗਈਆਂ ਸਨ। ਪਰ ਇਹ ਪਾਈਪਾਂ ਘਟੀਆ ਮਟੀਰੀਅਲ ਦੀਆਂ ਸਨ ਅਤੇ ਪਾਉਣ ਵੇਲੇ ਲੈਵਲ ਅਤੇ ਜੋੜਾਂ ਦਾ ਧਿਆਨ ਨਹੀਂ ਰੱਖਿਆ ਗਿਆ। ਇਸ ਸਮੱਸਿਆ ਬਾਰੇ ਪੰਚਾਇਤ ਵਲੋਂ ਬਰਨਾਲਾ ਦੇ ਡੀਸੀ, ਏਡੀਸੀ (ਵਿਕਾਸ) ਨੂੰ ਜਾਣੂੰ ਕਰਵਾਇਆ ਗਿਆ ਹੈ ਪਰ ਕੋਈ ਹੱਲ ਨਹੀਂ ਹੋਇਆ। ਪਿੰਡ ਦੇ ਦੋਵੇਂ ਛੱਪੜ ਦਾ ਪਾਣੀ ਓਵਰਫ਼ਲੋ ਹੋ ਕੇ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਵੜ ਕੇ ਨੁਕਸਾਨ ਕਰ ਰਿਹਾ ਹੈ ਤੇ ਬੀਮਾਰੀਆਂ ਫ਼ੈਲਣ ਦਾ ਵੀ ਖਦਸ਼ਾ ਹੈ।
ਉਨ੍ਹਾਂ ਦੱਸਿਆ ਕਿ 10 ਲੱਖ ਦੀ ਲਾਗਤ ਨਾਲ ਸੀਚੇਵਾਲ ਮਾਡਲ ਤਿਆਰ ਕੀਤਾ ਗਿਆ ਸੀ, ਪਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਇਸਦੇ ਖੂਹਾਂ ਦੇ ਆਸੇ ਪਾਸੇ ਜਮਾਂ ਹੋ ਗਿਆ ਹੈ। ਜਿਸ ਨਾਲ ਇਸਦੇ ਦਬਣ ਦਾ ਖ਼ਤਰਾ ਹੈ ਪਰ ਪ੍ਰਸ਼ਾਸਨ ਕੋਈ ਹੱਲ ਨਹੀਂ ਕਰ ਰਿਹਾ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਪੰਚਾਇਤ ਅਤੇ ਪਿੰਡ ਵਾਸੀ ਡੀਸੀ ਦਫ਼ਤਰ ਅੱਗੇ ਧਰਨਾ ਲਗਾਉਣਗੇ। ਜੇਕਰ ਲੋੜ ਪਈ ਤਾਂ ਪੰਚਾਇਤ ਵੱਲੋਂ ਅਸਤੀਫ਼ਾ ਵੀ ਡੀਸੀ ਨੂੰ ਸੌਂਪਿਆ ਜਾਵੇਗਾ।
ਇਸ ਸਬੰਧੀ ਏਡੀਸੀ ਵਿਕਾਸ ਅਰੁਣ ਜਿੰਦਲ ਨੇ ਕਿਹਾ ਕਿ ਪਿੰਡ ਵਿੱਚ ਪਹਿਲਾਂ ਪਾਈਪਾਂ ਦੀ ਜਾਂਚ ਕਰਵਾ ਕੇ ਇਸ ਸਮੱਸਿਆ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ।

Previous articleਵਿਧਾਇਕ ਵੱਲੋਂ ਪ੍ਰਸ਼ਾਸਨ ਨੂੰ 15 ਦਿਨਾਂ ਦਾ ਅਲਟੀਮੇਟਮ
Next articleਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ