ਬਰਤਾਨੀਆ ਦੀ ਸੰਸਦ ’ਚ ਬ੍ਰੈਗਜ਼ਿਟ ਸਮਝੌਤੇ ਸਬੰਧੀ ਹੋਈ ਇਤਿਹਾਸਕ ਵੋਟਿੰਗ ’ਚ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬ੍ਰੈਗਜ਼ਿਟ ਲਈ 29 ਮਾਰਚ ਦੀ ਤਾਰੀਕ ਨੂੰ ਸਿਰਫ਼ ਦੋ ਕੁ ਮਹੀਨੇ ਹੀ ਰਹਿ ਗਏ ਹਨ ਪਰ ਅਜੇ ਵੀ ਬਰਤਾਨਵੀ ਸੰਸਦ ਇਸ ਮੁੱਦੇ ’ਤੇ ਵੰਡੀ ਹੋਈ ਹੈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਵੱਲੋਂ ਸੰਸਦ ਮੈਂਬਰਾਂ ਨੂੰ ਆਖਰੀ ਪਲਾਂ ’ਚ ਕੀਤੀ ਗਈ ਅਪੀਲ ਦਾ ਵੀ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੱਤਾ। ਵੋਟਿੰਗ ਮੌਕੇ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ, ‘ਜਦੋਂ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ ਜਾਣਗੀਆਂ ਤਾਂ ਲੋਕ ਸੰਸਦ ਦਾ ਫ਼ੈਸਲਾ ਜ਼ਰੂਰ ਪੜ੍ਹਨਗੇ ਤੇ ਪੁੱਛਣਗੇ ਕੀ ਅਸੀਂ ਯੂਰੋਪੀਅਨ ਯੂਨੀਅਨ ਛੱਡਣ ਲਈ ਦੇਸ਼ ਦੇ ਹੱਕ ’ਚ ਵੋਟ ਦਿੱਤੀ ਸੀ।’ ਇਸ ਸਮਝੌਤੇ ਦੇ ਵਿਰੋਧੀਆਂ ਨੇ ਮੇਅ ਨੂੰ ਦਸੰਬਰ ਮਹੀਨੇ ਵੋਟਿੰਗ ਅੱਗੇ ਪਾਉਣ ਲਈ ਮਜਬੂਰ ਕਰ ਦਿੱਤਾ ਸੀ। ਬ੍ਰੈਗਜ਼ਿਟ ਦੇ ਹੱਕ ਵਿਚਲੇ ਆਗੂਆਂ ਨੇ ਇਸ ਸਮਝੌਤੇ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਹੈ ਕਿ ਇਸ ’ਚ ਕਈ ਕਮੀਆਂ ਹਨ ਅਤੇ ਕਈਆਂ ਨੂੰ ਇਹ ਡਰ ਹੈ ਕਿ ਇਸ ਸਮਝੌਤੇ ਨਾਲ ਬਰਤਾਨੀਆ ਤੇ ਯੂਰੋਪੀਅਨ ਯੂਨੀਅਨ ਵਿਚਾਲੇ ਕਾਰੋਬਾਰ ਦੇ ਸਬੰਧਾਂ ’ਚ ਅੜਿੱਕਾ ਪੈਦਾ ਹੋਵੇਗਾ। ਬ੍ਰੈਗਜ਼ਿਟ ਵਿਰੋਧੀਆਂ ਨੇ ਵੋਟਾਂ ਮੌਕੇ ਸੰਸਦ ਭਵਨ ਦੇ ਬਾਹਰ ਰੈਲੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਵੱਲੋਂ ਬਰਤਾਨੀਆ ਨੂੰ ਯੂਰੋਪੀਅਨ ਯੂਨੀਅਨ ਦਾ ਮੈਂਬਰ ਬਣਾਏ ਰੱਖਣ ਦੇ ਹੱਕ ’ਚ ਨਾਅਰੇ ਵੀ ਮਾਰੇ ਜਾ ਰਹੇ ਸਨ।
HOME ਬ੍ਰੈਗਜ਼ਿਟ ਸਮਝੌਤਾ: ਵੋਟਿੰਗ ’ਚ ਪ੍ਰਧਾਨ ਮੰਤਰੀ ਮੇਅ ਨੂੰ ਹਾਰ